ਪੰਜਾਬ ਵਿੱਚ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਸਮੇਤ 13 ਮੰਗਾਂ ਨੂੰ ਲੈ ਕੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਦੇ ਸਮਰਥਨ ਵਿੱਚ ਅੱਜ ਪੰਜਾਬ ਬੰਦ ਹੈ। ਸ਼ਾਮ 4 ਵਜੇ ਤੱਕ ਬੱਸਾਂ, ਟਰੇਨਾਂ, ਆਟੋ ਅਤੇ ਟੈਕਸੀਆਂ ਨਹੀਂ ਚੱਲਣਗੀਆਂ। ਬੰਦ ਨੂੰ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ, ਮੁਲਾਜ਼ਮਾਂ, ਵਪਾਰੀਆਂ ਤੇ ਸਮੂਹਾਂ ਵੱਲੋਂ ਸਮਰਥਨ ਦਿੱਤਾ ਗਿਆ ਹੈ।ਸੂਬੇ ‘ਚ 52 ਟਰੇਨਾਂ ਨੂੰ ਰੱਦ ਕਰ ਦਿੱਤਾ ਗਿਆ ਹੈ, ਜਦਕਿ 22 ਦੇ ਰੂਟ ਬਦਲੇ ਗਏ ਹਨ। ਇਸ ਦੌਰਾਨ ਬਾਜ਼ਾਰ ਅਤੇ ਅਦਾਰੇ ਵੀ ਬੰਦ ਰਹਿਣਗੇ। ਹਾਲਾਂਕਿ, ਐਮਰਜੈਂਸੀ ਸੇਵਾਵਾਂ ਵਿੱਚ ਕੋਈ ਰੁਕਾਵਟ ਨਹੀਂ ਆਵੇਗੀ।ਜੇਕਰ ਕਿਸੇ ਦਾ ਕੋਈ ਇਮਤਿਹਾਨ, ਇੰਟਰਵਿਊ ਆਦਿ ਹੈ ਤਾਂ ਉਸ ਨੂੰ ਵੀ ਨਹੀਂ ਰੋਕਿਆ ਜਾਵੇਗਾ।
ਪੰਜਾਬ ਬੰਦ ਦੇ ਸੱਦੇ ਤਹਿਤ ਕਿਸਾਨਾਂ ਨੇ ਅੱਜ ਸਵੇਰੇ ਸ਼ੰਭੂ ਰੇਲਵੇ ਟਰੈਕ ’ਤੇ ਧਰਨਾ ਮਾਰ ਕੇ ਰੇਲ ਆਵਾਜਾਈ ਠੱਪ ਕਰ ਦਿੱਤੀ। ਰੇਲਵੇ ਨੇ ਪਹਿਲਾਂ ਹੀ ਪੰਜਾਬ ਆਉਣ ਵਾਲੀਆਂ ਰੇਲ ਗੱਡੀਆਂ ਰੱਦ ਕੀਤੀਆਂ ਹੋਈਆਂ ਹਨ। ਇਸ ਲਈ ਰੇਲ ਗੱਡੀਆਂ ਵਿਚ ਮੁਸਾਫਰਾਂ ਦੇ ਫਸਣ ਦੀ ਪਹਿਲਾਂ ਹੀ ਕੋਈ ਸੰਭਾਵਨਾ ਨਹੀਂ ਹੈ।ਪਟਿਆਲਾ-ਰਾਜਪੁਰਾ ਰੋਡ ’ਤੇ ਧਰੇੜੀ ਜੱਟਾਂ ’ਤੇ ਕਿਸਾਨਾਂ ਨੇ ਟੋਲ ਪਲਾਜ਼ਾ ਜਾਮ ਕਰ ਦਿੱਤਾ ਹੈ ਤੇ ਆਵਾਜਾਈ ਠੱਪ ਕਰ ਦਿੱਤੀ ਹੈ। ਕਿਸਾਨਾਂ ਵੱਲੋਂ ਟੋਲ ਪਲਾਜ਼ਾ ਬੰਦ ਕਰਨ ਮਗਰੋਂ ਸੜਕ ’ਤੇ ਵਾਹਨਾਂ ਦੀਆਂ ਲੰਬੀਆਂ ਲਾਈਨਾਂ ਲੱਗ ਗਈਆਂ ਹਨ।