ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐਨ.ਜੀ.ਟੀ.) ਦੇ ਮੈਂਬਰ ਜਸਟਿਸ ਸੁਧੀਰ ਅਗਰਵਾਲ ਨੇ ਕਿਹਾ ਹੈ ਕਿ ਅਜਿਹਾ ਕੋਈ ਵਿਗਿਆਨਕ ਅਧਿਐਨ ਨਹੀਂ ਹੈ, ਜੋ ਇਹ ਸਾਬਤ ਕਰਦਾ ਹੋਵੇ ਕਿ ਦਿੱਲੀ ਦੇ ਪ੍ਰਦੂਸ਼ਣ ਲਈ ਪੰਜਾਬ ਦੇ ਕਿਸਾਨ ਜ਼ਿੰਮੇਵਾਰ ਹਨ। ਪਰਾਲੀ ਸਾੜਨ ਲਈ ਪੰਜਾਬ ਦੇ ਕਿਸਾਨਾਂ ‘ਤੇ ਮੁਕੱਦਮਾ ਚਲਾਉਣਾ, ਭਾਰੀ ਜੁਰਮਾਨੇ ਲਗਾਉਣਾ ਅਤੇ ਉਨ੍ਹਾਂ ਨੂੰ ਜੇਲ੍ਹ ਭੇਜਣਾ ਸਰਾਸਰ ਬੇਇਨਸਾਫ਼ੀ ਹੈ।ਦਿੱਲੀ ਵਿੱਚ ਵਾਤਾਵਰਣ ਪੱਖੀ ਝੋਨੇ ਦੀ ਖੇਤੀ ਅਤੇ ਕੁਦਰਤੀ ਸਰੋਤਾਂ ਦੀ ਰਾਖੀ ਅਤੇ ਵਾਤਾਵਰਣ ਪੁਰਸਕਾਰ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਜਸਟਿਸ ਅਗਰਵਾਲ ਨੇ ਕਿਹਾ ਕਿ ਦਿੱਲੀ ਵਿੱਚ ਪ੍ਰਦੂਸ਼ਣ ਦੇ ਹੋਰ ਵੀ ਕਈ ਕਾਰਨ ਹਨ ਜਿਨ੍ਹਾਂ ਵੱਲ ਸਾਨੂੰ ਧਿਆਨ ਦੇਣ ਦੀ ਲੋੜ ਹੈ।ਐਨਜੀਟੀ ਦੇ ਮੈਂਬਰ ਵਜੋਂ ਆਪਣੇ ਤਜ਼ਰਬੇ ਸਾਂਝੇ ਕਰਦਿਆਂ ਜਸਟਿਸ ਅਗਰਵਾਲ ਨੇ ਕਿਹਾ, ਪਰਾਲੀ ਸਾੜਨ ਨੂੰ ਅਕਸਰ ਦਿੱਲੀ ਵਿੱਚ ਵਧ ਰਹੇ ਹਵਾ ਪ੍ਰਦੂਸ਼ਣ ਦਾ ਮੁੱਖ ਕਾਰਨ ਮੰਨਿਆ ਜਾਂਦਾ ਹੈ। ਇਹ ਉਦੋਂ ਹੈ ਜਦੋਂ ਪੰਜਾਬ ਦਿੱਲੀ ਦਾ ਨਜ਼ਦੀਕੀ ਗੁਆਂਢੀ ਵੀ ਨਹੀਂ ਹੈ।