ਪੰਜਾਬ ਦੀਆਂ ਨਗਰ ਨਿਗਮਾਂ ਦੇ ਚੋਣ ਨਤੀਜੇ ਐਲਾਨ ਦਿੱਤੇ ਗਏ ਹਨ। ਇਨ੍ਹਾਂ ਨਤੀਜਿਆਂ ‘ਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਵਿਚਾਲੇ ਸਿੱਧਾ ਮੁਕਾਬਲਾ ਦੇਖਣ ਨੂੰ ਮਿਲਿਆ, ਜਦਕਿ ਭਾਜਪਾ ਅਤੇ ਅਕਾਲੀ ਦਲ ਨੂੰ ਸੀਮਤ ਸਫਲਤਾ ਮਿਲੀ। ਆਜ਼ਾਦ ਉਮੀਦਵਾਰਾਂ ਦੀ ਜਿੱਤ ਨੇ ਕੁਝ ਨਗਰ ਨਿਗਮਾਂ ਵਿੱਚ ਮੇਅਰ ਦੇ ਅਹੁਦੇ ਦੀ ਦੌੜ ਨੂੰ ਦਿਲਚਸਪ ਬਣਾ ਦਿੱਤਾ ਹੈ।ਫਗਵਾੜਾ ਦੇ 50 ਵਾਰਡਾਂ ਵਿੱਚੋਂ ਕਾਂਗਰਸ ਨੇ ਸਭ ਤੋਂ ਵੱਧ 22 ਵਾਰਡਾਂ ਵਿੱਚ ਜਿੱਤ ਹਾਸਲ ਕੀਤੀ। ਆਮ ਆਦਮੀ ਪਾਰਟੀ ਨੇ 12 ਸੀਟਾਂ ਜਿੱਤੀਆਂ, ਜਦਕਿ ਭਾਜਪਾ ਨੇ 5 ਵਾਰਡ ਜਿੱਤੇ। ਅਕਾਲੀ ਦਲ ਨੇ 2, ਬਸਪਾ ਨੇ 1 ਅਤੇ 3 ਆਜ਼ਾਦ ਉਮੀਦਵਾਰ ਜਿੱਤੇ। ਲੁਧਿਆਣਾ ਦੇ 95 ਵਾਰਡਾਂ ‘ਚੋਂ ਆਮ ਆਦਮੀ ਪਾਰਟੀ ਨੇ 41 ਵਾਰਡਾਂ ‘ਤੇ ਜਿੱਤ ਹਾਸਲ ਕਰਕੇ ਲੀਡ ਹਾਸਲ ਕੀਤੀ ਹੈ। ਕਾਂਗਰਸ ਨੇ 30 ਵਾਰਡਾਂ ਤੇ ਭਾਜਪਾ ਨੇ 19 ਵਾਰਡਾਂ ‘ਤੇ ਜਿੱਤ ਹਾਸਲ ਕੀਤੀ। ਅਕਾਲੀ ਦਲ ਨੂੰ ਸਿਰਫ਼ 2 ਸੀਟਾਂ ਮਿਲੀਆਂ, ਜਦਕਿ 3 ਆਜ਼ਾਦ ਉਮੀਦਵਾਰ ਵੀ ਜੇਤੂ ਰਹੇ। ਆਮ ਆਦਮੀ ਪਾਰਟੀ ਨੇ ਪਟਿਆਲਾ ਦੇ 53 ਵਾਰਡਾਂ ‘ਚ 45 ਸੀਟਾਂ ‘ਤੇ ਕਬਜ਼ਾ ਕਰਕੇ ਵੱਡੀ ਜਿੱਤ ਦਰਜ ਕੀਤੀ ਹੈ। ਭਾਜਪਾ ਨੂੰ 4 ਅਤੇ ਕਾਂਗਰਸ ਅਤੇ ਅਕਾਲੀ ਦਲ ਨੂੰ 2-2 ਸੀਟਾਂ ਮਿਲੀਆਂ ਹਨ।ਅੰਮ੍ਰਿਤਸਰ ਦੇ 85 ਵਾਰਡਾਂ ਵਿੱਚੋਂ ਕਾਂਗਰਸ ਨੇ 43 ਵਾਰਡਾਂ ਵਿੱਚ ਜਿੱਤ ਹਾਸਲ ਕਰਕੇ ਆਪਣਾ ਦਬਦਬਾ ਕਾਇਮ ਰੱਖਿਆ। ਆਮ ਆਦਮੀ ਪਾਰਟੀ ਨੂੰ 24, ਭਾਜਪਾ ਨੂੰ 9 ਅਤੇ ਅਕਾਲੀ ਦਲ ਨੂੰ 4 ਸੀਟਾਂ ਮਿਲੀਆਂ ਹਨ। 5 ਆਜ਼ਾਦ ਉਮੀਦਵਾਰ ਵੀ ਜੇਤੂ ਰਹੇ। ਜਲੰਧਰ ਦੇ 85 ਵਾਰਡਾਂ ਵਿੱਚ ਆਮ ਆਦਮੀ ਪਾਰਟੀ ਨੇ 38, ਕਾਂਗਰਸ ਨੇ 25, ਭਾਜਪਾ 19, ਬਸਪਾ 1, ਅਤੇ 2 ਆਜ਼ਾਦ ਉਮੀਦਵਾਰ ਜੇਤੂ ਰਹੇ।