ਪੰਜਾਬ ’ਚ ਜੁਲਾਈ ਮਹੀਨੇ 43 ਫ਼ੀਸਦੀ ਘੱਟ ਮੀਂਹ ਪਿਆ

ਪੰਜਾਬ ਵਿੱਚ ਇਸ ਵਾਰ ਮੌਨਸੂਨ ਮੱਠਾ ਚੱਲ ਰਿਹਾ ਹੈ ਜਿਸ ਕਾਰਨ ਲੋਕਾਂ ਨੂੰ ਅਤਿ ਦੀ ਗਰਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿਛਲੇ ਕਈ ਦਿਨਾਂ ਤੋਂ ਹੁੰਮਸ ਭਰੀ ਗਰਮੀ ਕਾਰਨ ਲੋਕ ਬਿਮਾਰ ਹੋ ਰਹੇ ਹਨ। ਇਸੇ ਤਰ੍ਹਾਂ ਕਿਸਾਨਾਂ ਦੀਆਂ ਮੁਸ਼ਕਲਾਂ ਵੀ ਵਧ ਗਈਆਂ ਹਨ। ਕਿਸਾਨਾਂ ਨੂੰ ਕੁਦਰਤੀ ਪਾਣੀ ਦੀ ਥਾਂ ਨਹਿਰੀ ਜਾਂ ਧਰਤੀ ਹੇਠਲੇ ਪਾਣੀ ’ਤੇ ਨਿਰਭਰ ਹੋਣਾ ਪੈ ਰਿਹਾ ਹੈ। ਅੱਜ ਸੂਬੇ ਵਿੱਚ ਕਈ ਥਾਈਂ ਦਿਨ ਭਰ ਬੱਦਲਵਾਈ ਰਹੀ। ਅੰਮ੍ਰਿਤਸਰ ਅਤੇ ਜਲੰਧਰ ਵਿੱਚ ਸਵੇਰ ਵੇਲੇ ਪਏ ਮੀਂਹ ਕਾਰਨ ਲੋਕਾਂ ਨੇ ਹੁੰਮਸ ਵਾਲੀ ਗਰਮੀ ਤੋਂ ਕੁੱਝ ਰਾਹਤ ਮਹਿਸੂਸ ਕੀਤੀ, ਜਦਕਿ ਸਰਹੱਦੀ ਜ਼ਿਲ੍ਹਿਆਂ ਫਿਰੋਜ਼ਪੁਰ, ਫਾਜ਼ਿਲਕਾ ਵਿੱਚ ਤਿੱਖੀ ਧੁੱਪ ਲੱਗੀ। ਮਾਲਵੇ ਵਿੱਚ ਮੀਂਹ ਨਾ ਪੈਣ ਕਾਰਨ ਕਿਸਾਨਾਂ ਨੂੰ ਝੋਨੇ ਦੀ ਫ਼ਸਲ ਨੂੰ ਪਾਣੀ ਲਾਉਣ ਲਈ ਮਹਿੰਗੇ ਭਾਅ ਦਾ ਡੀਜ਼ਲ ਫੂਕਣਾ ਪੈ ਰਿਹਾ ਹੈ। ਇਸ ਵਾਰ ਘੱਟ ਮੀਂਹ ਪੈਣ ਕਾਰਨ ਖ਼ਰਚਾ ਵੱਧ ਹੋਣ ’ਤੇ ਕਿਸਾਨਾਂ ਦੇ ਚਿਹਰੇ ਮੁਰਝਾਏ ਹੋਏ ਹਨ। ਦੂਜੇ ਪਾਸੇ ਸੂਬੇ ਦੀ ਰਾਜਧਾਨੀ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਦਿਨ ਭਰ ਬੱਦਲਵਾਈ ਰਹਿਣ ਕਾਰਨ ਲੋਕ ਮੀਂਹ ਨੂੰ ਉਡੀਕਦੇ ਰਹੇ। ਇੱਥੇ ਬੀਤੇ ਦਿਨ ਪਏ ਮੀਂਹ ਕਾਰਨ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਗਈ ਪਰ ਹੁੰਮਸ ਕਾਰਨ ਗਰਮੀ ਤੋਂ ਲੋਕ ਪ੍ਰੇਸ਼ਾਨ ਨਜ਼ਰ ਆਏ।ਮੌਸਮ ਵਿਗਿਆਨੀਆਂ ਨੇ ਸੂਬੇ ਵਿੱਚ 28 ਤੇ 29 ਜੁਲਾਈ ਨੂੰ ਮੌਸਮ ਖੁਸ਼ਕ ਅਤੇ 30 ਤੇ 31 ਜੁਲਾਈ ਨੂੰ ਕੁਝ ਥਾਵਾਂ ’ਤੇ ਰੁਕ-ਰੁਕ ਕੇ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਮੌਸਮ ਵਿਗਿਆਨੀਆਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਐਤਕੀਂ ਜੁਲਾਈ ਮਹੀਨੇ ਵਿੱਚ ਆਮ ਨਾਲੋਂ 43 ਫ਼ੀਸਦ ਮੀਂਹ ਘੱਟ ਪਿਆ ਹੈ। ਸੂਬੇ ਵਿੱਚ ਸਿਰਫ਼ ਦੋ ਸ਼ਹਿਰਾਂ ਵਿੱਚ ਆਮ ਨਾਲੋਂ ਵੱਧ ਮੀਂਹ ਪਿਆ ਹੈ। ਇਸ ਮਹੀਨੇ ਮਾਨਸਾ ਵਿੱਚ 22 ਅਤੇ ਪਠਾਨਕੋਟ ਵਿੱਚ ਨੌਂ ਫ਼ੀਸਦ ਮੀਂਹ ਵਾਧੂ ਪਿਆ ਹੈ। ਬਠਿੰਡਾ ਵਿੱਚ ਆਮ ਨਾਲੋਂ 70 ਫ਼ੀਸਦ ਘੱਟ ਭਾਵ ਸਿਰਫ਼ 28 ਐੱਮਐੱਮ ਮੀਂਹ ਪਿਆ ਹੈ।

Spread the love