ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅਮਰੀਕਾ ਦੀ ਕੌਮੀ ਇੰਟੈਲੀਜੈਂਸ ਡਾਇਰੈਕਟਰ ਤੁਲਸੀ ਗਬਾਰਡ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਦੌਰਾਨ ਰਾਜਨਾਥ ਸਿੰਘ ਨੇ ਗਬਾਰਡ ਨਾਲ ‘ਸਿੱਖਸ ਫਾਰ ਜਸਟਿਸ’ ਵੱਲੋਂ ਅਮਰੀਕਾ ਵਿੱਚ ਚਲਾਈਆਂ ਜਾਂਦੀਆਂ ਗਤੀਵਿਧੀਆਂ ਦਾ ਮੁੱਦਾ ਉਠਾਇਆ। ਸੂਤਰਾਂ ਮੁਤਾਬਕ ਭਾਰਤ ਨੇ ਆਪਣੀਆਂ ਚਿੰਤਾਵਾਂ ਜ਼ਾਹਿਰ ਕੀਤੀਆਂ ਅਤੇ ਅਮਰੀਕੀ ਕੌਮੀ ਇੰਟੈਲੀਜੈਂਸ ਡਾਇਰੈਕਟਰ ਨੂੰ ਗੈਰ-ਕਾਨੂੰਨੀ ਜਥੇਬੰਦੀ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਲਈ ਕਿਹਾ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਦਿੱਲੀ ਵਿੱਚ ਗਬਾਰਡ ਨਾਲ ਦੁਵੱਲੀ ਮੀਟਿੰਗ ਕੀਤੀ। ਉਨ੍ਹਾਂ ਰੱਖਿਆ ਖੇਤਰ ਵਿੱਚ ਸਹਿਯੋਗ ਅਤੇ ਦੋਵੇਂ ਦੇਸ਼ਾਂ ਵਿਚਾਲੇ ਖ਼ੁਫੀਆ ਜਾਣਕਾਰੀਆਂ ਸਾਂਝੀਆਂ ਕਰਨ ਬਾਰੇ ਚਰਚਾ ਕੀਤੀ।ਰੱਖਿਆ ਮੰਤਰੀ ਨੇ ਮੀਟਿੰਗ ਦੇ ਵੇਰਵੇ ‘ਐਕਸ’ ਉੱਤੇ ਸਾਂਝੇ ਕਰਦਿਆਂ ਕਿਹਾ, ‘‘ਇੱਥੇ ਅਮਰੀਕਾ ਦੀ ਕੌਮੀ ਇੰਟੈਲੀਜੈਂਸ ਡਾਇਰੈਕਟਰ ਤੁਲਸੀ ਗਬਾਰਡ ਨਾਲ ਮੁਲਾਕਾਤ ਕਰ ਕੇ ਖੁਸ਼ੀ ਹੋਈ। ਅਸੀਂ ਰੱਖਿਆ ਅਤੇ ਜਾਣਕਾਰੀ ਸਾਂਝੀ ਕਰਨ ਸਣੇ ਕਈ ਮੁੱਦਿਆਂ ’ਤੇ ਚਰਚਾ ਕੀਤੀ, ਜਿਸ ਦਾ ਉਦੇਸ਼ ਭਾਰਤ-ਅਮਰੀਕਾ ਸਾਂਝੇਦਾਰੀ ਨੂੰ ਹੋਰ ਮਜ਼ਬੂਤ ਕਰਨਾ ਹੈ।’’ ਗਬਾਰਡ ਆਪਣੇ ਬਹੁ-ਰਾਸ਼ਟਰੀ ਦੌਰੇ ਦੇ ਹਿੱਸੇ ਤਹਿਤ ਭਾਰਤ ਆਈ ਹੈ।
