ਜ਼ਹਿਰੀਲੀ ਸ਼ਰਾਬ ਮਾਮਲੇ ਮਗਰੋਂ ਸੰਗਰੂਰ ਜਿਲ੍ਹੇ ‘ਚ ਇੱਕ ਹੋਰ ਵੱਡਾ ਕਾਂਡ,6 ਮੌਤਾਂ

ਸੰਗਰੂਰ ਜ਼ਿਲ੍ਹੇ ਦੇ ਪਿੰਡ ਗੁੱਜਰਾਂ ਵਿਚ ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਦਾ ਮਾਮਲਾ ਹਾਲੇ ਠੰਢਾ ਨਹੀਂ ਹੋਇਆ ਕਿ ਸੁਨਾਮ ਵਿਖੇ ‘ਭੇਤਭਰੀ’ ਚੀਜ਼ ਪੀਣ ਕਾਰਨ 6 ਹੋਰ ਵਿਅਕਤੀਆਂ ਦੀ ਮੌਤ ਹੋ ਗਈ, ਜਦੋਂ ਕਿ ਸੱਤ ਦੀ ਹਾਲਤ ਗੰਭੀਰ ਹੈ। ਇਹ ਸੁਨਾਮ ਦੇ ਸਰਕਾਰੀ ਹਸਪਤਾਲ ਵਿਚ ਇਲਾਜ ਅਧੀਨ ਹਨ। ਭਾਵੇਂ ਹਾਲੇ ਤੱਕ ਇਸ ਸਬੰਧ ਪ੍ਰਸ਼ਾਸਨ ਨੇ ਪੁਸ਼ਟੀ ਨਹੀਂ ਕੀਤੀ ਪਰ ਪਿੰਡ ਇਲਾਕੇ ਦੇ ਲੋਕਾਂ ਅਤੇ ਪੀੜਤਾਂ ਦੇ ਪਰਿਵਾਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਵਿਅਕਤੀਆਂ ਵੱਲੋਂ ਕਥਿਤ ਸ਼ਰਾਬ ਮੁੱਲ ਲੈ ਕੇ ਪੀਤੀ ਗਈ ਸੀ, ਜਿਸ ਤੋਂ ਬਾਅਦ ਉਨ੍ਹਾਂ ਦੀ ਹਾਲਤ ਖਰਾਬ ਹੋਣੀ ਸ਼ੁਰੂ ਹੋ ਗਈ। ਮਰਨ ਵਾਲਿਆਂ ਦੀ ਪਛਾਣ ਗੁਰਮੀਤ ਸਿੰਘ (45) ਪੁੱਤਰ ਦੇਸ ਰਾਜ, ਲੱਛਾ ਸਿੰਘ (40) ਪੁੱਤਰ ਲੀਲਾ ਸਿੰਘ, ਬੁੱਧ ਸਿੰਘ (70) ਪੁੱਤਰ ਕਾਕਾ ਸਿੰਘ, ਸੇਵਕ (40) ਪੁੱਤਰ ਸੀਤਾ ਅਤੇ ਸਖੀ ਨਾਥ (65) ਪੁੱਤਰ ਮੇਹਰ ਨਾਥ ਸਾਰੇ ਵਾਸੀ ਰਵਿਦਾਸਪੁਰਾ ਟਿੱਬੀ ਵਜੋਂ ਹੋਈ ਹੈ। ਇਨ੍ਹਾਂ ਵਿਚੋਂ ਸਖੀ ਨਾਥ ਸਮਾਣਾ ਦਾ ਰਹਿਣ ਵਾਲਾ ਸੀ, ਜੋ ਆਪਣੀ ਰਿਸ਼ਤੇਦਾਰੀ ਵਿਚ ਇੱਥੇ ਮਿਲਣ ਆਇਆ ਸੀ। ਇਨ੍ਹਾਂ ਤੋਂ ਇਲਾਵਾ ਜਖੇਪਲਵਾਸ ਦਾ ਰਹਿਣ ਵਾਲਾ ਗਿਆਨ ਸਿੰਘ (32) ਪੁੱਤਰ ਗੁਰਮੀਤ ਸਿੰਘ ਦੀ ਵੀ ਕਥਿਤ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਮੌਤ ਹੋ ਗਈ। ਸੁਖਦੇਵ ਸਿੰਘ, ਭੋਲੂ ਸਿੰਘ, ਬੂਟਾ ਸਿੰਘ, ਦਰਸ਼ਨ ਸਿੰਘ, ਰਵੀ ਸਿੰਘ, ਕਰਮਜੀਤ ਸਿੰਘ,ਸਫੀ ਸਿੰਘ ਦਾ ਸਿਵਲ ਹਸਪਤਾਲ ਸੁਨਾਮ ‘ਚ ਇਲਾਜ ਚੱਲ ਰਿਹਾ ਹੈ। ਪੁਲੀਸ ਅਨੁਸਾਰ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Spread the love