ਆਪ ਦੇ ਕੈਬਨਿਟ ਮੰਤਰੀ ਦਾ ਅਸਤੀਫ਼ਾ

ਦਿੱਲੀ ‘ਚ ਆਪ ਸਰਕਾਰ ‘ਚ ਮੰਤਰੀ ਰਾਜ ਕੁਮਾਰ ਆਨੰਦ ਨੇ ਕੈਬਨਿਟ ਅਤੇ ਪਾਰਟੀ ਤੋਂ ਅਸਤੀਫ਼ਾ ਦਿੰਦਿਆਂ ਆਮ ਆਦਮੀ ਪਾਰਟੀ ’ਚ ਭ੍ਰਿਸ਼ਟਾਚਾਰ ਹੋਣ ਦਾ ਦੋਸ਼ ਲਾਇਆ। ਦਲਿਤ ਆਗੂ ਅਤੇ ਸਮਾਜ ਭਲਾਈ ਮੰਤਰੀ ਆਨੰਦ ਨੇ ਪ੍ਰੈੱਸ ਕਾਨਫਰੰਸ ਕਰਦਿਆਂ ਦੋਸ਼ ਲਾਇਆ ਕਿ ‘ਆਪ’ ’ਚ ਦਲਿਤਾਂ ਨੂੰ ਢੁੱਕਵੀਂ ਨੁਮਾਇੰਦਗੀ ਨਹੀਂ ਦਿੱਤੀ ਜਾ ਰਹੀ ਸੀ। ਉਧਰ ‘ਆਪ’ ਨੇ ਦਾਅਵਾ ਕੀਤਾ ਕਿ ਆਨੰਦ ਦੇ ਅਸਤੀਫ਼ੇ ਨੇ ਉਨ੍ਹਾਂ ਦੇ ਦਾਅਵੇ ਨੂੰ ਸਾਬਿਤ ਕਰ ਦਿੱਤਾ ਹੈ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਪਾਰਟੀ ਨੂੰ ਖ਼ਤਮ ਕਰਨ ਦੇ ਉਦੇਸ਼ ਨਾਲ ਕੀਤੀ ਗਈ ਹੈ। ਉਨ੍ਹਾਂ ਭਾਜਪਾ ’ਤੇ ਦੋਸ਼ ਲਾਇਆ ਕਿ ‘ਆਪ’ ਦੇ ਮੰਤਰੀਆਂ ਅਤੇ ਵਿਧਾਇਕਾਂ ਨੂੰ ਤੋੜਨ ਲਈ ਉਹ ਈਡੀ ਅਤੇ ਸੀਬੀਆਈ ਦੀ ਵਰਤੋਂ ਕਰ ਰਹੀ ਹੈ। ਭਾਜਪਾ ਨੇ ਮੋੜਵਾਂ ਜਵਾਬ ਦਿੰਦਿਆਂ ਦਾਅਵਾ ਕੀਤਾ ਕਿ ਮੰਤਰੀ ਦੇ ਅਸਤੀਫ਼ੇ ਤੋਂ ‘ਆਪ’ ਦੇ ਭ੍ਰਿਸ਼ਟ ਤਰੀਕਿਆਂ ਅਤੇ ਪਾਰਟੀ ਦੇ ਮਾਫ਼ੀਆ ਵਾਂਗ ਕੰਮ ਕਰਨ ਦਾ ਭੇਤ ਖੁੱਲ੍ਹ ਗਿਆ ਹੈ। ਮੀਡੀਆ ਨਾਲ ਗੱਲਬਾਤ ਕਰਦਿਆਂ ਆਨੰਦ ਨੇ ਕਿਹਾ,‘‘ਆਮ ਆਦਮੀ ਪਾਰਟੀ ਭ੍ਰਿਸ਼ਟਾਚਾਰ ’ਚ ਡੁੱਬੀ ਹੋਈ ਹੈ। ਹਾਲਾਤ ਦੇਖਦਿਆਂ ਮੇਰਾ ਪਾਰਟੀ ’ਚ ਰਹਿਣਾ ਮੁਸ਼ਕਲ ਹੋ ਗਿਆ ਹੈ। ਇਸ ਕਾਰਨ ਮੈਂ ਤੁਹਾਡੇ ਰਾਹੀਂ ਦੱਸਣਾ ਚਾਹੁੰਦਾ ਹਾਂ ਕਿ ਮੈਂ ਪਾਰਟੀ ਅਤੇ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਰਿਹਾ ਹਾਂ।’’ ਅਸਤੀਫ਼ਾ ਦੇਣ ਦੇ ਸਮੇਂ ਬਾਰੇ ਸਵਾਲ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ,‘‘ਕੱਲ ਤੱਕ ਅਸੀਂ ਇਸ ਖ਼ਿਆਲ ’ਚ ਸੀ ਕਿ ਸਾਡੇ ’ਤੇ ਦੋਸ਼ ਮੜ੍ਹੇ ਜਾ ਰਹੇ ਹਨ ਪਰ ਹਾਈ ਕੋਰਟ ਦੇ ਫ਼ੈਸਲੇ ਮਗਰੋਂ ਜਾਪਦਾ ਹੈ ਕਿ ਪਾਰਟੀ ’ਚ ਕੁਝ ਗਲਤ ਜ਼ਰੂਰ ਹੈ।’’ ਉਨ੍ਹਾਂ ਕਿਹਾ ਕਿ ਜੰਤਰ-ਮੰਤਰ ਤੋਂ ਅਰਵਿੰਦ ਕੇਜਰੀਵਾਲ ਨੇ ਕਿਹਾ ਸੀ ਕਿ ਸਿਆਸਤ ਬਦਲਣ ਨਾਲ ਦੇਸ਼ ਬਦਲੇਗਾ ਪਰ ਸਿਆਸਤ ਨਹੀਂ ਬਦਲੀ ਸਗੋਂ ਸਿਆਸਤਦਾਨ ਬਦਲ ਗਏ ਹਨ। ਆਨੰਦ ਵੱਲੋਂ ਅਸਤੀਫ਼ਾ ਦੇਣ ਦੇ ਤੁਰੰਤ ਮਗਰੋਂ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ‘ਆਪ’ ਰਾਜ ਸਭਾ ਮੈਂਬਰ ਸੰਜੈ ਸਿੰਘ ਨੇ ਭਾਜਪਾ ’ਤੇ ਵਰ੍ਹਦਿਆਂ ਦੋਸ਼ ਲਾਇਆ ਕਿ ਉਹ ਪਾਰਟੀ ਵਿਧਾਇਕਾਂ ਅਤੇ ਮੰਤਰੀਆਂ ਖ਼ਿਲਾਫ਼ ਜਾਂਚ ਏਜੰਸੀਆਂ ਦੀ ਦੁਰਵਰਤੋਂ ਕਰ ਰਹੀ ਹੈ। ਉਨ੍ਹਾਂ ਕਿਹਾ,‘‘ਇਹ ‘ਆਪ’ ਮੰਤਰੀਆਂ ਅਤੇ ਵਿਧਾਇਕਾਂ ਦੀ ਅਗਨੀ ਪ੍ਰੀਖਿਆ ਹੈ। ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਪਿੱਛੇ ‘ਆਪ’ ਦੀ ਤਬਾਹੀ ਹੈ। ਈਡੀ ਵੱਲੋਂ ਜਾਂਚ ਅਤੇ ਛਾਪਿਆਂ ਦਾ ਇਕੋ ਇਕ ਕਾਰਨ ‘ਆਪ’ ਨੂੰ ਖ਼ਤਮ ਕਰਨਾ ਹੈ। ਭਾਜਪਾ ਅਪਰਾਧਿਕ ਪਾਰਟੀ ਹੈ ਜੋ ਇਸ ਕਿਸਮ ਦੀ ਗੁੰਡਾਗਰਦੀ ਕਰ ਰਹੀ ਹੈ।’’ ਉਨ੍ਹਾਂ ਕਿਹਾ ਕਿ ਪਿਛਲੇ ਸਾਲ ਨਵੰਬਰ ’ਚ ਆਨੰਦ ਅਤੇ ਕੁਝ ਹੋਰ ਆਗੂਆਂ ਦੇ ਟਿਕਾਣਿਆਂ ’ਤੇ ਈਡੀ ਨੇ ਛਾਪੇ ਮਾਰੇ ਸਨ। ਦਿੱਲੀ ਦੇ ਮੰਤਰੀ ਸੌਰਭ ਭਾਰਦਵਾਜ ਨੇ ਦਾਅਵਾ ਕੀਤਾ ਕਿ ਆਨੰਦ ਨੂੰ ‘ਆਪ’ ਛੱਡਣ ਲਈ ਧਮਕੀ ਦਿੱਤੀ ਗਈ ਹੋਵੇਗੀ। ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਕਿਹਾ ਕਿ ਅਸਤੀਫ਼ੇ ਮੁਤਾਬਕ ਲੋਕਾਂ ਦਾ ਪਾਰਟੀ ’ਚ ਦਮ ਘੁੱਟ ਰਿਹਾ ਸੀ ਕਿਉਂਕਿ ਉਨ੍ਹਾਂ ਭ੍ਰਿਸ਼ਟਾਚਾਰ ਨੂੰ ਸੰਸਥਾਗਤ ਰੂਪ ਦੇ ਦਿੱਤਾ ਹੈ। -ਪੀਟੀਆਈ

Spread the love