ਰਾਇਟਰਜ਼ ਦੀ ਇਕ ਰਿਪੋਰਟ ਮੁਤਾਬਕ ਰੂਸ-ਯੂਕਰੇਨ ਯੁੱਧ ਦੇ ਵਿਚਕਾਰ ਰੂਸ ਭਾਰਤ ਤੋਂ ਨਾਰਾਜ਼ ਹੋ ਗਿਆ ਹੈ ਕਿਉਂਕਿ ਭਾਰਤੀ ਹਥਿਆਰ ਨਿਰਮਾਤਾ ਯੂਰਪ ਨੂੰ ਜੋ ਹਥਿਆਰ ਵੇਚ ਰਹੇ ਹਨ, ਉਹ ਯੂਰਪ ਦੇ ਰਸਤੇ ਯੂਕਰੇਨ ਪਹੁੰਚ ਰਹੇ ਹਨ। ਰਿਪੋਰਟ ਮੁਤਾਬਕ ਰੂਸ ਨੇ ਕਈ ਵਾਰ ਇਸ ਦਾ ਵਿਰੋਧ ਕੀਤਾ ਹੈ ਪਰ ਭਾਰਤ ਨੇ ਅਜਿਹੇ ਵਪਾਰ ਨੂੰ ਰੋਕਣ ਲਈ ਕਿਸੇ ਤਰ੍ਹਾਂ ਦਾ ਦਖਲ ਨਹੀਂ ਦਿੱਤਾ ਹੈ।ਨਿਊਜ਼ ਏਜੰਸੀ ਰਾਇਟਰਜ਼ ਨੇ ਭਾਰਤੀ ਅਤੇ ਯੂਰਪੀ ਸਰਕਾਰ ਅਤੇ ਰੱਖਿਆ ਉਦਯੋਗ ਦੇ ਅਧਿਕਾਰੀਆਂ ਨਾਲ ਗੱਲਬਾਤ ਦੇ ਆਧਾਰ ‘ਤੇ ਤਿਆਰ ਕੀਤੀ ਆਪਣੀ ਰਿਪੋਰਟ ‘ਚ ਇਹ ਗੱਲਾਂ ਕਹੀਆਂ ਹਨ। ਅਧਿਕਾਰੀਆਂ ਨਾਲ ਗੱਲ ਕਰਨ ਦੇ ਨਾਲ ਹੀ ਏਜੰਸੀ ਨੇ ਕਸਟਮ ਡੇਟਾ ਦਾ ਵੀ ਵਿਸ਼ਲੇਸ਼ਣ ਕੀਤਾ ਹੈ ਜਿਸ ਵਿੱਚ ਇਹ ਤੱਥ ਸਾਹਮਣੇ ਆਇਆ ਹੈ।ਸੂਤਰਾਂ ਅਤੇ ਕਸਟਮ ਡੇਟਾ ਦੇ ਅਨੁਸਾਰ, ਰੂਸ ਦੇ ਖਿਲਾਫ ਯੂਕਰੇਨ ਦੀ ਰੱਖਿਆ ਪ੍ਰਣਾਲੀ ਦਾ ਸਮਰਥਨ ਕਰਨ ਲਈ ਹਥਿਆਰਾਂ ਦਾ ਤਬਾਦਲਾ ਇੱਕ ਸਾਲ ਤੋਂ ਵੱਧ ਸਮੇਂ ਤੋਂ ਹੋ ਰਿਹਾ ਹੈ। ਤਿੰਨ ਭਾਰਤੀ ਅਧਿਕਾਰੀਆਂ ਨੇ ਰਾਇਟਰਜ਼ ਨੂੰ ਦੱਸਿਆ ਕਿ ਰੂਸ ਨੇ ਘੱਟੋ-ਘੱਟ ਦੋ ਮੌਕਿਆਂ ‘ਤੇ ਇਹ ਮੁੱਦਾ ਉਠਾਇਆ ਹੈ। ਜੁਲਾਈ ਮਹੀਨੇ ਵਿਚ ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੇ ਇਹ ਮੁੱਦਾ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਦੇ ਸਾਹਮਣੇ ਉਠਾਇਆ ਸੀ।