ਰੌਇਲ ਕੈਨੇਡੀਅਨ ਮਿੰਟ ਨੇ ਵਿਨੀਪੈਗ ਵਿੱਚ ਕਿੰਗ ਚਾਰਲਜ਼ ਦੀ ਤਸਵੀਰ ਵਾਲਾ ਪਹਿਲਾ ਕੈਨੇਡੀਅਨ ਸਿੱਕਾ ਲੋਕਾਂ ਸਾਹਮਣੇ ਪੇਸ਼ ਕੀਤਾ

ਰੌਇਲ ਕੈਨੇਡੀਅਨ ਮਿੰਟ ਨੇ ਵਿਨੀਪੈਗ ਵਿੱਚ ਕਿੰਗ ਚਾਰਲਜ਼ ਦੀ ਤਸਵੀਰ ਵਾਲਾ ਪਹਿਲਾ ਕੈਨੇਡੀਅਨ ਸਿੱਕਾ ਲੋਕਾਂ ਸਾਹਮਣੇ ਪੇਸ਼ ਕੀਤਾ।

ਵਿਨੀਪੈਗ,ਮੈਨੀਟੋਬਾ: ਕਿੰਗ ਚਾਰਲਜ਼ ਦੇ 75ਵੇਂ ਜਨਮਦਿਨ ਦੇ ਮੌਕੇ ‘ਤੇ ਇਹ ਸਿੱਕਾ ਜਾਰੀ ਕੀਤਾ ਗਿਆ। ਜ਼ਿਕਰਯੋਗ ਹੈ ਕਿ 1953 ਤੋਂ ਬਾਅਦ ਇਹ ਪਹਿਲੀ ਵਾਰ ਹੈ ਕਿ ਕੈਨੇਡੀਅਨ ਸਿੱਕਿਆਂ ‘ਤੇ ਨਵਾਂ ਚਿਹਰਾ ਦੇਖਿਆ ਜਾਵੇਗਾ, ਜਿਸ ‘ਚ ਰਾਜਾ ਆਪਣੀ ਮਾਂ, ਮਰਹੂਮ ਮਹਾਰਾਣੀ ਐਲਿਜ਼ਾਬੈਥ II ਦੀ ਤਸਵੀਰ ਦੀ ਥਾਂ ਲੈ ਰਿਹਾ ਹੈ। ਨਵੇਂ ਸਿੱਕੇ ਵਿਚ ਮਹਾਰਾਣੀ ਐਲੀਜ਼ਾਬੈਥ ਦੀ ਤਸਵੀਰ ਦੀ ਜਗ੍ਹਾ ਬ੍ਰਿਟੇਨ ਦੇ ਨਵੇਂ ਸਮਰਾਟ ਕਿੰਗ ਚਾਰਲਜ਼ ਦੀ ਤਸਵੀਰ ਸ਼ਾਮਿਲ ਕੀਤੀ ਗਈ ਹੈ।

ਕਿੰਗ ਚਾਰਲਜ਼ ਦੀ ਤਸਵੀਰ ਇੱਕ ਡਾਲਰ ਦੇ ਸਿੱਕੇ ‘ਤੇ ਛਾਪੀ ਗਈ ਹੈ। ਰੌਇਲ ਕੈਨੇਡੀਅਨ ਮਿੰਟ ਦੇ ਅਨੁਸਾਰ ਕਿੰਗ ਚਾਰਲਜ਼ ਦੀ ਤਸਵੀਰ ਵਾਲੇ ਕੁਝ ਸਿੱਕੇ ਦਸੰਬਰ ਦੇ ਸ਼ੁਰੂ ਵਿਚ ਸਰਕੂਲੇਸ਼ਨ ਵਿਚ ਆ ਜਾਣਗੇ।ਇਸਦੇ ਨਾਲ ਹੀ ਮਹਾਰਾਣੀ ਦੀ ਤਸਵੀਰ ਵਾਰੇ ਸਾਰੇ ਕੈਨੇਡੀਅਨ ਸਿੱਕੇ ਅਜੇ ਵੀ ਕਾਨੂੰਨੀ ਤੌਰ ‘ਤੇ ਵੈਧ ਕਰੰਸੀ ਹੋਵੇਗੀ। ਇਸ ਸਿੱਕੇ ਨੂੰ ਨਵਾਂ ਡਿਜ਼ਾਈਨ ਦੇਣ ਲਈ 350 ਕਲਾਕਾਰਾਂ ਨੇ ਆਪਣੇ ਡਿਜ਼ਾਈਨ ਪੇਸ਼ ਕੀਤੇ ਸਨ, ਪਰ ਕੈਨੇਡੀਅਨ ਪੋਰਟਰੇਟ ਕਲਾਕਾਰ ਸਟੀਵਨ ਰੋਜ਼ੇਟੀ ਦੇ ਡਿਜ਼ਾਈਨ ਨੂੰ ਚੁਣਿਆ ਗਿਆ।

ਇਸ ਸਾਲ ਦੇ ਸ਼ੁਰੂ ਵਿਚ ਫ਼ੈਡਰਲ ਸਰਕਾਰ ਨੇ ਬੈਂਕ ਔਫ਼ ਕੈਨੇਡਾ ਨੂੰ 20 ਡਾਲਰ ਦੇ ਨੋਟ ‘ਚ ਮਹਾਰਾਣੀ ਐਲੀਜ਼ਾਬੈਥ ਦੀ ਤਸਵੀਰ ਦੀ ਜਗ੍ਹਾ ਕਿੰਗ ਚਾਰਲਜ਼ ਦੀ ਤਸਵੀਰਸ਼ਾਮਿਲ ਕਰਨ ਦੀ ਪੇਸ਼ਕਸ਼ ਕੀਤੀ ਸੀ। ਇਸੇ ਤਰ੍ਹਾਂ ਰੌਇਲ ਕੈਨੇਡੀਅਨ ਮਿੰਟ ਨੂੰ ਵੀ ਕਿੰਗ ਚਾਰਲਜ਼ ਦੀ ਤਸਵੀਰ ਦਰਸਾਉਂਦੇ ਸਿੱਕੇ ਡਿਜ਼ਾਈਨ ਕਰਨ ਦਾ ਕੰਮ ਸੌਂਪਿਆ ਗਿਆ ਸੀ।ਬੈਂਕ ਔਫ਼ ਕੈਨੇਡਾ ਦੇ ਇੱਕ ਬੁਲਾਰੇ ਨੇ ਕਿਹਾ ਕਿ ਨਵੇਂ ਨੋਟ ਲਈ ਡਿਜ਼ਾਈਨ ਪ੍ਰਕਿਰਿਆ ਸ਼ੁਰੂ ਹੋ ਗਈ ਹੈ, ਪਰ ਨੋਟ ਜਾਰੀ ਹੋਣ ‘ਚ ਕਈ ਸਾਲ ਵੀ ਲੱਗ ਸਕਦੇ ਹਨ।

Spread the love