ਇਟਲੀ ਵਿੱਚ ਸਰਦਾਰ ਹਰਪਾਲ ਸਿੰਘ ਪਾਲਾ ਦਾ ਚਾਕੂ ਮਾਰ ਕੇ ਕਤਲ।

ਇਟਲੀ ਵਿੱਚ ਸਰਦਾਰ ਹਰਪਾਲ ਸਿੰਘ ਪਾਲਾ ਦਾ ਚਾਕੂ ਮਾਰ ਕੇ ਕਤਲ।

ਇਟਲੀ ਦੇ ਸਭ ਤੋਂ ਪੁਰਾਣੇ ਗੁਰਦੁਆਰਾ ਸਾਹਿਬ ਸਿੰਘ ਸਭਾ, ਨੋਵੇਲਾਰਾ (ਰੀਜੋਈਮੀਲੀਆ) ਦੇ ਸਾਬਕਾ ਪ੍ਰਧਾਨ ਸ ਹਰਪਾਲ ਸਿੰਘ ਪਾਲਾ (59 ਸਾਲ) ਦਾ ਬੀਤੀ ਰਾਤ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ। ਹਰਪਾਲ ਸਿੰਘ ਪਾਲਾ ਜੋ ਕਿ ਪੇਸ਼ੇ ਵਜੋਂ ਟਰਾਂਸਪੋਰਟਰ ਸਨ। ਮੀਡੀਆ ਰਾਹੀਂ ਪਤਾ ਲੱਗਾ ਕਿ ਬੀਤੀ ਰਾਤ ਟਰੱਕ ਵਿੱਚ ਸਮਾਨ ਲੱਦਣ ਗਏ ਸਨ। ਸਮਾਨ ਲੱਦਣ ਤੋਂ ਬਾਅਦ ਉਹ ਆਪਣੀ ਮੱਦਦ ਲਈ ਕੰਮ ਕਰਦੇ ਪਾਕਿਸਤਾਨੀ ਮੂਲ ਦੇ ਦੋ ਨੌਜਵਾਨਾਂ ਨੂੰ ਛੱਡਣ ਜਾ ਰਹੇ ਸਨ ਤਾਂ ਉਹਨਾਂ ਨੌਜਵਾਨਾਂ ਵਲੋਂ ਉਹਨਾਂ ਦੇ ਸਿਰ ਤੇ ਰਾਡ ਨਾਲ ਵਾਰ ਕਰਕੇ ਅਤੇ ਚਾਕੂ ਮਾਰ-ਮਾਰ ਕੇ ਕਤਲ ਕਰ ਦਿੱਤਾ। ਮੀਡੀਆ ਅਨੁਸਾਰ ਸਰਦਾਰ ਹਰਪਾਲ ਸਿੰਘ ਕੋਲ ਕਾਫੀ ਨਕਦ ਰਕਮ ਸੀ, ਜਿਸ ਬਾਰੇ ਉਹਨਾਂ ਨੌਜਵਾਨਾਂ ਨੂੰ ਪਤਾ ਲੱਗ ਗਿਆ। ਉਹਨਾਂ ਨੇ ਪੈਸੇ ਦੇ ਲਾਲਚ ਵਿਚ ਇਹ ਕਤਲ ਕੀਤਾ। ਸਰਦਾਰ ਹਰਪਾਲ ਸਿੰਘ ਪਾਲਾ ਦੇ ਤਿੰਨ ਪੁੱਤਰ ਹਨ ਜੋ ਇੱਕ ਉਹਨਾਂ ਦੇ ਨਾਲ ਟਰਾਂਸਪੋਰਟ ਦਾ ਕੰਮ, ਦੂਜਾ ਪ੍ਰਾਈਵੇਟ ਨੌਕਰੀ ਅਤੇ ਤੀਜਾ ਪੜ੍ਹਾਈ ਕਰਦਾ ਹੈ। ਸਰਦਾਰ ਹਰਪਾਲ ਸਿੰਘ ਪਾਲਾ ਪੰਜਾਬ ਦੇ ਪਿੰਡ ਬਗਵਾਈ (ਬਲਾਚੌਰ) ਦੇ ਵਸਨੀਕ ਸਨ। ਜੋ ਲੰਬੇ ਸਮੇਂ ਤੋਂ ਇਟਲੀ ਵਿੱਚ ਰਹਿ ਰਹੇ ਸਨ। ਇਟਾਲੀਅਨ ਪੁਲਿਸ ਦੋਸ਼ੀਆਂ ਨੂੰ ਫੜਨ ਲਈ ਅਗਲੀ ਕਾਰਵਾਈ ਕਰ ਰਹੀ ਹੈ।
ਸਵਰਗੀ ਸਰਦਾਰ ਹਰਪਾਲ ਸਿੰਘ ਪਾਲਾ ਮੇਰੇ ਮਿੱਤਰ ਸਰਦਾਰ ਹਰਵਿੰਦਰ ਸਿੰਘ ਕੰਗ ਦੇ ਮਿੱਤਰ ਸਨ। ਪਹਿਲੀ ਵਾਰ 2010 ਵਿੱਚ ਸਾਡੀ ਵਾਕਫੀ ਹੋਈ। ਜਦੋਂ ਅਸੀਂ ਆਪਣੇ ਇਲਾਕੇ ਦੇ ਗੁਰਦੁਆਰਾ ਸਾਹਿਬ ਲਈ ਉਹਨਾਂ ਕੋਲ ਉਗਰਾਹੀ ਦੇ ਸਿਲਸਿਲੇ ਵਿੱਚ 10-15 ਜਾਣੇ ਗਏ ਸੀ। ਉਸ ਸਮੇਂ ਉਹ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਸਨ। ਜਦੋਂ ਉਹਨਾਂ ਬਾਰੇ ਜਾ ਕੇ ਪੁੱਛਿਆ ਤਾਂ ਕਹਿੰਦੇ ਉਧਰ ਸੇਵਾ ਕਰਦੇ ਹੋਣਗੇ। ਜਦੋਂ ਦੇਖਿਆ ਤਾਂ ਉਹ ਸਾਦੇ ਕਪੜਿਆਂ ਵਿੱਚ ਬਰਤਨਾਂ ਦੀ ਸੇਵਾ ਕਰ ਰਹੇ ਸਨ। ਮਿੱਤਰ ਕੰਗ ਅਤੇ ਮੈਂ ਉਹਨਾਂ ਨੂੰ ਜਾ ਕੇ ਫ਼ਤਹਿ ਬੁਲਾਈ ਗੱਲਬਾਤ ਕਰਦਿਆਂ ਕਹਿੰਦੇ ਸੰਗਤਾਂ ਨੇ ਮੁੱਖ ਸੇਵਾਦਾਰ ਚੁਣ ਦਿੱਤਾ ਪਰ ਮੈਂ ਸੰਗਤਾਂ ਨੂੰ ਕਿਹਾ ਕਿ ਮੈਂ ਪਹਿਲਾਂ ਦੀ ਤਰ੍ਹਾਂ ਬਰਤਨਾਂ ਦੀ ਸੇਵਾ ਵੀ ਕਰਦੇ ਹੀ ਰਹਿਣਾ ਹੈ। ਨਿੱਜੀ ਗੱਲਬਾਤ ਉਪਰੰਤ ਦੋਵੇਂ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੇ ਮੀਟਿੰਗ ਕੀਤੀ। ਉਸ ਤੋਂ ਬਾਅਦ 3-4 ਵਾਰ ਬੱਚਿਆਂ ਨੂੰ ਗੁਰਦੁਆਰਾ ਸਾਹਿਬ ਸਮਾਗਮਾਂ ਵਿੱਚ ਲੈ ਕੇ ਜਾਣ ਦਾ ਮੌਕਾ ਮਿਲਿਆ ਹਰੇਕ ਵਾਰ ਉਹਨਾਂ ਨੇ ਬਹੁਤ ਪਿਆਰ ਸਤਿਕਾਰ ਦਿੱਤਾ। 2-3 ਵਾਰ ਇਟਲੀ ਦੇ ਹੋਰ ਇਲਾਕਿਆਂ ਵਿੱਚ ਵੀ ਮੇਲ ਹੋਇਆ ਸੀ। ਸਰਦਾਰ ਹਰਪਾਲ ਸਿੰਘ ਜੀ ਇੱਕ ਵਧੀਆ ਇਨਸਾਨ ਸਨ।
ਅਰਦਾਸ! ਅਕਾਲ ਪੁਰਖ ਵਿਛੜੀ ਆਤਮਾ ਨੂੰ ਸਦੀਵੀ ਸ਼ਾਂਤੀ ਬਖਸ਼ੇ ਅਤੇ ਪਰਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ।
ਗੁਰਵਿੰਦਰ ਸਿੰਘ
੧੦-੦੨-੨੦੨੪

Spread the love