SEBI ਮੁਖੀ ਦੀ ਅਡਾਨੀ ਗਰੁੱਪ ਨਾਲ ਮਿਲੀਭੁਗਤ: ਹਿੰਡਨਬਰਗ

ਅਮਰੀਕੀ ਸ਼ਾਰਟ ਸੈਲਰ ਹਿੰਡਨਬਰਗ ਰਿਸਰਚ ਨੇ ਮਾਰਕੀਟ ਰੈਗੂਲੇਟਰ ਸੇਬੀ ਦੀ ਚੇਅਰਪਰਸਨ ਮਾਧਵੀ ਬੁੱਚ ’ਤੇ ਦੋਸ਼ ਲਗਾਏ ਹਨ ਕਿ ਅਡਾਨੀ ਦੇ ਪੈਸਿਆਂ ਦੀ ਕਥਿਤ ਹੇਰਾਫੇਰੀ ਵਿੱਚ ਵਰਤੇ ਗਏ ਵਿਦੇਸ਼ੀ ਫੰਡਾਂ ਵਿੱਚ ਸੇਬੀ ਮੁਖੀ ਤੇ ਉਨ੍ਹਾਂ ਦੇ ਪਤੀ ਧਵਲ ਬੁੱਚ ਦੀ ਵੀ ਹਿੱਸੇਦਾਰੀ ਸੀ। ਇਸੇ ਕਾਰਨ ਸੇਬੀ ਵੱਲੋਂ ਅਡਾਨੀ ਗਰੁੱਪ ਖ਼ਿਲਾਫ਼ 18 ਮਹੀਨਿਆਂ ਬਾਅਦ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ। ਹਿੰਡਨਬਰਗ ਦੇ ਇਨ੍ਹਾਂ ਦੋਸ਼ਾਂ ਸਬੰਧੀ ਸੇਬੀ ਨੇ ਅਜੇ ਤੱਕ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ।ਇਕ ਬਲੌਗ ਪੋਸਟ ਵਿੱਚ ਹਿੰਡਨਬਰਗ ਨੇ ਕਿਹਾ ਕਿ ਅਡਾਨੀ ਬਾਰੇ ਉਸ ਦੀ 18 ਮਹੀਨੇ ਪੁਰਾਣੀ ਰਿਪੋਰਟ ਮਗਰੋਂ ਵੀ ਸੇਬੀ ਨੇ ਗੌਤਮ ਅਡਾਨੀ ਦੀਆਂ ਮੌਰੀਸ਼ਸ ਅਤੇ ਵਿਦੇਸ਼ੀ ਫ਼ਰਜ਼ੀ ਕੰਪਨੀਆਂ ਬਾਰੇ ਜਾਂਚ ਵਿੱਚ ਕੋਈ ਦਿਲਚਸਪੀ ਨਹੀਂ ਦਿਖਾਈ। ਵ੍ਹਿਸਲਬਲੋਅਰ ਦਸਤਾਵੇਜ਼ਾਂ ਦੇ ਹਵਾਲੇ ਨਾਲ ਹਿੰਡਨਬਰਗ ਨੇ ਕਿਹਾ, ‘‘ਅਡਾਨੀ ਘੁਟਾਲੇ ਵਿੱਚ ਵਰਤੇ ਗਏ ਵਿਦੇਸ਼ੀ ਫੰਡਾਂ ਵਿੱਚ ਸੇਬੀ ਦੀ ਮੌਜੂਦਾ ਚੇਅਰਪਰਸਨ ਮਾਧਵੀ ਬੁੱਚ ਅਤੇ ਉਨ੍ਹਾਂ ਦੇ ਪਤੀ ਧਵਲ ਬੁੱਚ ਦਾ ਵੀ ਹਿੱਸਾ ਸੀ।’’ ਬਰਮੂਡਾ ਅਤੇ ਮੌਰੀਸ਼ਸ ਵਿੱਚ ਫੰਡਾਂ ਦਾ ਕੰਮ ਕਥਿਤ ਤੌਰ ’ਤੇ ਗੌਤਮ ਅਡਾਨੀ ਦਾ ਵੱਡਾ ਭਰਾ ਵਿਨੋਦ ਅਡਾਨੀ ਦੇਖਦਾ ਹੈ ਅਤੇ ਇਹ ਫੰਡ ਸ਼ੇਅਰਾਂ ਦੀ ਕੀਮਤ ਵਿੱਚ ਉਤਾਰ-ਚੜ੍ਹਾਅ ਲਈ ਵਰਤੇ ਗਏ। ਹਿੰਡਨਬਰਗ ਨੇ ਕਿਹਾ, ‘‘ਆਈਆਈਐੱਫਐੱਲ ਵੱਲੋਂ ਐਲਾਨੇ ਗਏ ਫੰਡਾਂ ਮੁਤਾਬਕ ਉਕਤ ਜੋੜੇ ਦੇ ਨਿਵੇਸ਼ ਦਾ ਸਰੋਤ ਤਨਖ਼ਾਹ ਸੀ ਅਤੇ ਉਨ੍ਹਾਂ ਦੀ ਕੁੱਲ ਅਨੁਮਾਨਿਤ ਸੰਪਤੀ ਇਕ ਕਰੋੜ ਅਮਰੀਕੀ ਡਾਲਰ ਹੈ।’’ ਇਸ ਸਬੰਧੀ ਸੇਬੀ ਤੋਂ ਫੌਰੀ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ।

Spread the love