ਮੱਧ ਇਜ਼ਰਾਈਲ ਵਿਚ ਵੀਰਵਾਰ ਨੂੰ ਤਿੰਨ ਖੜ੍ਹੀਆਂ ਬੱਸਾਂ ਵਿਚ ਲੜੀਵਾਰ ਬੰਬ ਧਮਾਕੇ ਹੋਏ। ਏਜੰਸੀਆਂ ਨੂੰ ਇਨ੍ਹਾਂ ਧਮਾਕਿਆਂ ਪਿੱਛੇ ਕੱਟੜਪੰਥੀਆਂ ਦਾ ਹੱਥ ਹੋਣ ਦਾ ਸ਼ੱਕ ਹੈ। ਉਂਝ ਉਪਰੋਥੱਲੀ ਹੋਏ ਇਨ੍ਹਾਂ ਧਮਾਕਿਆਂ ਵਿਚ ਕਿਸੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ।ਇਹ ਧਮਾਕੇ ਅਜਿਹੇ ਮੌਕੇ ਹੋਏ ਹਨ ਜਦੋਂ ਜੰਗਬੰਦੀ ਸਮਝੌਤੇ ਤਹਿਤ ਹਮਾਸ ਵੱਲੋਂ ਗਾਜ਼ਾ ਤੋਂ ਚਾਰ ਬੰਧਕਾਂ ਦੀਆਂ ਲਾਸ਼ਾਂ ਮੋੜੇ ਜਾਣ ਮਗਰੋਂ ਇਜ਼ਰਾਈਲ ਸੋਗ ਵਿਚ ਹੈ।ਪੁਲੀਸ ਦੇ ਬੁਲਾਰੇ ਨੇ ਦੱਸਿਆ ਕਿ ਦੋ ਹੋਰਨਾਂ ਬੱਸਾਂ ਵਿਚੋਂ ਧਮਾਕਾਖੇਜ਼ ਸਮੱਗਰੀ ਬਰਾਮਦ ਕੀਤੀ ਗਈ ਹੈ। ਇਜ਼ਰਾਇਲੀ ਪੁਲੀਸ ਨੇ ਦੱਸਿਆ ਪੰਜੇਂ ਬੰਬ ਇਕੋ ਜਿਹੇ ਸੀ ਤੇ ਇਨ੍ਹਾਂ ਵਿਚ ‘ਟਾਈਮਰ’ ਲੱਗੇ ਹੋਏ ਸਨ। ਪੁਲੀਸ ਮੁਤਾਬਕ ਬੰਬ ਨਕਾਰਾ ਦਸਤਾ ਬਰਾਮਦ ਕੀਤੇ ਬੰਬਾਂ ਨੂੰ ਨਕਾਰਾ ਕਰਨ ਵਿਚ ਲੱਗਾ ਹੈ।ਸ਼ਹਿਰ ਦੇ ਮੇਅਰ ਤਿਜਵਿਕਾ ਬ੍ਰਾਟ ਨੇ ਕਿਹਾ ਕਿ ਇਹ ਚਮਤਕਾਰ ਹੈ ਕਿ ਇਨ੍ਹਾਂ ਧਮਾਕਿਆਂ ਵਿਚ ਕਿਸੇ ਕਿਸਮ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਇਹ ਬੱਸਾਂ ਆਪਣੀ ਯਾਤਰਾ ਪੂਰੀ ਕਰਨ ਤੋਂ ਬਾਅਦ ਖੜ੍ਹੀਆਂ ਸਨ।
