ਰੂਸ ‘ਚ ਫਸੇ ਸੱਤ ਪੰਜਾਬੀ ਨੌਜਵਾਨ, ਰੂਸ ਦੀ ਫੌਜ ਨੇ ਦਿੱਤਾ ਧੋਖਾ !

ਹੁਸ਼ਿਆਰਪੁਰ ਜਿਲ੍ਹੇ ਨਾਲ ਸਬੰਧਿਤ ਨੌਜਵਾਨਾਂ ਨੇ ਸਰਕਾਰ ਨੂੰ ਮਦਦ ਦੀ ਅਪੀਲ ਕਰਦਿਆਂ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੂੰ ਰੂਸ ਦੀ ਫੌਜ ਨੇ ਧੋਖਾ ਦਿੱਤਾ ਅਤੇ ਉਨ੍ਹਾਂ ਨੂੰ ਯੂਕਰੇਨ ਲਈ ਜੰਗ ਲੜਨ ਲਈ ਮਜਬੂਰ ਕੀਤਾ। ਐਕਸ ‘ਤੇ ਇੱਕ 105 ਸੈਕੇਂਡ ਦੀ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ 7 ਨੌਜਵਾਨ ਨਜ਼ਰ ਆ ਰਹੇ ਹਨ, ਜਿਨ੍ਹਾਂ ਨੇ ਸਰਦੀਆਂ ਵਾਲੀਆਂ ਜੈਕਟਾਂ ਅਤੇ ਸਿਰ ‘ਤੇ ਟੋਪੀਆਂ ਪਾਈਆਂ ਹੋਈਆਂ ਹਨ ਅਤੇ ਉਹ ਇੱਕ ਗੰਦੇ ਜਿਹੇ ਕਮਰੇ ਵਿੱਚ ਖੜ੍ਹੇ ਹੋਏ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਉਸ ਕਮਰੇ ਵਿੱਚ ਇੱਕ ਬੰਦ ਖਿੜਕੀ ਵੀ ਨਜ਼ਰ ਆ ਰਹੀ ਹੈ ਅਤੇ ਇਹ ਸੱਤ ਨੌਜਵਾਨ ਉਸ ਕਮਰੇ ਦੇ ਕੋਨੇ ਵਿੱਚ ਹਨ, ਜਿਨ੍ਹਾਂ ਵਿਚੋਂ ਇੱਕ ਨੌਜਵਾਨ ਗਗਨਦੀਪ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਪੋਸਟ ਪਾ ਕੇ ਆਪਣੀ ਮੁਸ਼ਕਿਲ ਦੱਸੀ ਅਤੇ ਸਰਕਾਰ ਨੂੰ ਉਨ੍ਹਾਂ ਇੱਥੋਂ ਕੱਢਣ ਦੀ ਅਪੀਲ ਕੀਤੀ।ਉਨ੍ਹਾਂ ਨੇ ਦੱਸਿਆ ਕਿ ਉਹ 27 ਦਸੰਬਰ ਨੂੰ ਨਵਾਂ ਸਾਲ ਮਨਾਉਣ ਰੂਸ ਗਏ ਸਨ, ਉਨ੍ਹਾਂ ਕੋਲ ਘੁੰਮਣ ਲਈ 90 ਦਿਨਾਂ ਦਾ ਵੀਜ਼ਾ ਸੀ ਅਤੇ ਉਨ੍ਹਾਂ ਨੇ ਬੇਲਾਰੂਸ ਦੀ ਯਾਤਰਾ ਵੀ ਕੀਤੀ। “ਇੱਥੇ ਇੱਕ ਏਜੰਟ ਨੇ ਸਾਨੂੰ ਬੇਲਾਰੂਸ ਘੁੰਮਾਉਣ ਦਾ ਆਫਰ ਦਿੱਤਾ… ਸਾਨੂੰ ਪਤਾ ਨਹੀਂ ਸੀ ਕਿ ਇੱਥੇ ਸਾਨੂੰ ਵੀਜ਼ੇ ਦੀ ਲੋੜ ਪਵੇਗੀ। ਜਦੋਂ ਅਸੀਂ ਬੇਲਾਰੂਸ ਗਏ (ਬਿਨਾਂ ਵੀਜ਼ਾ) ਤਾਂ ਏਜੰਟ ਨੇ ਸਾਡੇ ਤੋਂ ਹੋਰ ਪੈਸੇ ਮੰਗੇ ਅਤੇ ਫਿਰ ਸਾਨੂੰ ਛੱਡ ਦਿੱਤਾ।ਪੁਲਿਸ ਨੇ ਸਾਨੂੰ ਫੜ ਲਿਆ ਅਤੇ ਸਾਨੂੰ ਰੂਸੀ ਅਧਿਕਾਰੀਆਂ ਕੋਲ ਛੱਡ ਦਿੱਤਾ, ਜਿਨ੍ਹਾਂ ਨੇ ਸਾਨੂੰ ਦਸਤਾਵੇਜ਼ਾਂ ‘ਤੇ ਦਸਤਖ਼ਤ ਕਰਨ ਲਈ ਕਿਹਾ। ‘ “ਹੁਣ ਉਹ (ਰੂਸ) ਸਾਨੂੰ ਯੂਕਰੇਨ ਵਿਰੁੱਧ ਜੰਗ ਲੜਨ ਲਈ ਮਜਬੂਰ ਕਰ ਰਹੇ ਹਨ।”

Spread the love