ਬੀਬੀ ਜਗੀਰ ਕੌਰ ਨੂੰ ਬੋਲੇ ਗਏ ਅਪਸ਼ਬਦਾਂ ਦੇ ਮਾਮਲੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅੱਜ ਸ੍ਰੀ ਅਕਾਲ ਤਖ਼ਤ ਦੇ ਪੰਜ ਪਿਆਰਿਆਂ ਕੋਲ ਪੇਸ਼ ਹੋਏ ਹਨ, ਜਿਨ੍ਹਾਂ ਨੇ ਉਨ੍ਹਾਂ ਨੂੰ ਸੰਗਤਾਂ ਦੇ ਜੋੜੇ ਸਾਫ ਕਰਨ, ਲੰਗਰ ਦੇ ਜੂਠੇ ਬਰਤਨ ਮਾਂਜਣ ਅਤੇ ਜਪੁਜੀ ਸਾਹਿਬ ਦਾ ਪਾਠ ਕਰਨ ਦੀ ਤਨਖ਼ਾਹ ਲਾਈ ਹੈ। ਇਸ ਤੋਂ ਬਾਅਦ ਐਡਵੋਕੇਟ ਧਾਮੀ ਨੇ ਲਾਈ ਗਈ ਤਨਖ਼ਾਹ ਦੀ ਪੂਰਤੀ ਵਾਸਤੇ ਸ੍ਰੀ ਹਰਿਮੰਦਰ ਸਾਹਿਬ ਦੇ ਜੋੜਾ ਘਰ ਵਿੱਚ ਬੈਠ ਕੇ ਸੰਗਤਾਂ ਦੇ ਜੋੜੇ ਸਾਫ ਕੀਤੇ ਹਨ।ਦੱਸਣਯੋਗ ਹੈ ਕਿ ਐਡਵੋਕੇਟ ਧਾਮੀ ਨੇ ਬੀਤੇ ਦਿਨੀਂ ਬੀਬੀ ਜਗੀਰ ਕੌਰ ਦੇ ਖਿਲਾਫ ਇਤਰਾਜ਼ਯੋਗ ਸ਼ਬਦ ਬੋਲੇ ਸਨ। ਬਾਅਦ ਵਿਚ ਆਪਣੀ ਗ਼ਲਤੀ ਦਾ ਅਹਿਸਾਸ ਕਰਦਿਆ ਉਨ੍ਹਾਂ ਇਸ ਮਾਮਲੇ ਵਿੱਚ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਨੂੰ ਪੱਤਰ ਦੇ ਕੇ ਮੁਆਫ਼ੀ ਮੰਗੀ ਸੀ ਅਤੇ ਇਸ ਮਾਮਲੇ ਵਿੱਚ ਬੀਬੀ ਜਗੀਰ ਕੌਰ ਕੋਲੋਂ ਵੀ ਜਨਤਕ ਤੌਰ ’ਤੇ ਮੁਆਫ਼ੀ ਮੰਗ ਲਈ ਸੀ।