ਹਰਿਆਣਾ ਅਤੇ ਪੰਜਾਬ ਦੀ ਸਰਹੱਦ ‘ਤੇ ਸ਼ੰਭੂ-ਖਨੌਰੀ ਸਰਹੱਦ ‘ਤੇ ਚੱਲ ਰਹੇ ਕਿਸਾਨ ਅੰਦੋਲਨ ਦੇ ਸਮਰਥਨ ‘ਚ ਹਰਿਆਣਾ ਦੀਆਂ ਖਾਪ ਪੰਚਾਇਤਾਂ ਖੁੱਲ੍ਹੇਆਮ ਇਕੱਠੇ ਹੋ ਗਈਆਂ ਹਨ। ਖਾਪਾਂ ਨੇ ਜਿੱਥੇ ਸਾਰੀਆਂ ਕਿਸਾਨ ਜਥੇਬੰਦੀਆਂ ਨੂੰ ਇੱਕ ਮੰਚ ‘ਤੇ ਲਿਆਉਣ ਦੀ ਮੁਹਿੰਮ ਸ਼ੁਰੂ ਕੀਤੀ ਹੈ, ਉੱਥੇ ਹੀ 29 ਦਸੰਬਰ ਨੂੰ ਹਿਸਾਰ ‘ਚ ਮਹਾਪੰਚਾਇਤ ਕਰਵਾਉਣ ਦਾ ਵੀ ਐਲਾਨ ਕੀਤਾ ਹੈ। ਇਸ ਮਹਾਪੰਚਾਇਤ ਵਿੱਚ ਆਉਣ ਵਾਲੀ ਰਣਨੀਤੀ ਬਣਾਈ ਜਾਵੇਗੀ ਅਤੇ ਐਲਾਨੀ ਜਾਵੇਗੀ।ਹਰਿਆਣਾ ਦੇ 102 ਖਾਪਾਂ ਵੱਲੋਂ ਬਣਾਈ ਗਈ 11 ਮੈਂਬਰੀ ਕਮੇਟੀ ਨੇ ਚੰਡੀਗੜ੍ਹ ਪ੍ਰੈੱਸ ਕਲੱਬ ਵਿਖੇ ਮੀਟਿੰਗ ਤੋਂ ਬਾਅਦ ਇਹ ਫੈਸਲਾ ਲਿਆ ਹੈ। ਮੀਟਿੰਗ ਵਿੱਚ ਉਮੇਦ ਸਿੰਘ ਸਰਪੰਚ ਰਿਠਲ, ਦਹੀਆ ਖਾਪ ਪ੍ਰਧਾਨ ਜੈਪਾਲ ਦਹੀਆ, ਸਤਰੋਲ ਖਾਪ ਦੇ ਨੁਮਾਇੰਦੇ ਸਤੀਸ਼ ਚੇਅਰਮੈਨ, ਕੰਡੇਲਾ ਖਾਪ ਦੇ ਨੁਮਾਇੰਦੇ ਓਮ ਪ੍ਰਕਾਸ਼ ਕੰਡੇਲਾ, ਮਹਾਂ ਚੌਬੀਸੀ ਤਪ ਪ੍ਰਧਾਨ ਮਹਾਵੀਰ, ਮਾਜਰਾ ਖਾਪ ਦੇ ਨੁਮਾਇੰਦੇ ਗੁਰਵਿੰਦਰ ਸਿੰਘ, ਫੋਗਟ ਖਾਪ ਦਾਦਰੀ ਦੇ ਰਵਿੰਦਰ ਫੋਗਟ, ਜਗਦੀਸ਼ ਤਪਾ ਪ੍ਰਧਾਨ, ਦਲਾਲ ਖਾਪ ਪ੍ਰਧਾਨ ਸੁਰਿੰਦਰ ਦਲਾਲ ਅਤੇ ਹੋਰ ਵੀ ਕਈ ਨੁਮਾਇੰਦੇ ਹਾਜ਼ਰ ਸਨ। 29 ਦਸੰਬਰ ਨੂੰ ਹਿਸਾਰ ਦੇ ਬਾਸ ਪਿੰਡ ‘ਚ ਮਹਾਪੰਚਾਇਤ ਦਾ ਐਲਾਨ ਕਰਦੇ ਹੋਏ ਖਾਪ ਨੇਤਾਵਾਂ ਨੇ ਕਿਹਾ ਕਿ ਮਹਾਪੰਚਾਇਤ ‘ਚ ਸਾਰੇ 102 ਖਾਪ ਅਤੇ ਕਿਸਾਨ ਸੰਗਠਨਾਂ ਨੂੰ ਬੁਲਾਇਆ ਜਾ ਰਿਹਾ ਹੈ।