ਐਡਮਿੰਟਨ ਦੀ ਇਕ ਅਦਾਲਤ ਨੇ ਪਤਨੀ ਨੂੰ ਗੋਲ਼ੀਆਂ ਮਾਰ ਕੇ ਜ਼ਖ਼ਮੀ ਕਰਨ ਅਤੇ ਉਸ ਦੇ ਭਤੀਜੇ ਨੂੰ ਜਾਨੋਂ ਮਾਰਨ ਦੇ ਕੇਸ ’ਚ ਦੋਸ਼ੀ ਗਮਦੂਰ ਬਰਾੜ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਸਜ਼ਾ ਦੌਰਾਨ ਬਰਾੜ ਨੂੰ 16 ਸਾਲ ਤੱਕ ਪੈਰੋਲ ਨਹੀ ਮਿਲ ਸਕੇਗੀ। ਬਰਾੜ ਨੂੰ ਪੁਲਿਸ ਵੱਲੋਂ 7 ਮਈ, 2021 ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਅਦਾਲਤ ਨੇ ਇਸ ਕੇਸ ਵਿਚ ਸਤੰਬਰ, 2023 ’ਚ ਉਸ ਨੂੰ ਕਤਲ ਦਾ ਦੋਸ਼ੀ ਪਾਇਆ ਸੀ।ਜਾਣਕਾਰੀ ਮੁਤਾਬਕ, ਬਰਾੜ ਨੇ ਭਾਰੀ ਆਵਾਜਾਈ ਵਾਲੀ ਇਕ ਰੁਝੇਵਿਆਂ ਭਰੀ ਸੜਕ ’ਤੇ ਆਪਣੀ ਪਤਨੀ ਤੇ ਭਤੀਜੇ ਉੱਪਰ ਗੋਲ਼ੀਆਂ ਚਲਾ ਦਿੱਤੀਆਂ ਸਨ। ਉਸ ਨੂੰ ਕਤਲ ਅਤੇ ਇਰਾਦੇ ਤਹਿਤ ਹਥਿਆਰ ਚਲਾਉਣ ਦਾ ਦੋਸ਼ੀ ਠਹਿਰਾਇਆ ਗਿਆ ਸੀ। ਇਸ ਹਮਲੇ ਵਿਚ ਉਸ ਦੀ ਪਤਨੀ ਦੇ ਭਤੀਜੇ ਹਰਮਨਜੋਤ ਸਿੰਘ ਭੱਠਲ (19) ਦੀ ਮੌਤ ਹੋ ਗਈ ਸੀ।
