ਬਾਗ਼ੀ ਅਕਾਲੀ ਆਗੂ ਅਕਾਲ ਤਖ਼ਤ ‘ਤੇ ਪਹੁੰਚ ਕੇ ਦੇਣਗੇ ਗ਼ੁਨਾਹ-ਪੱਤਰ!

ਸ਼੍ਰੋਮਣੀ ਅਕਾਲੀ ਦਲ ਤੋਂ ਬਾਗ਼ੀ ਹੋਏ ਅਕਾਲੀ ਆਗੂ ਇਕ ਜੁਲਾਈ ਨੂੰ ਸਵੇਰੇ 11 ਵਜੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪਹੁੰਚ ਕੇ 2015 ਵਿਚ ਅਕਾਲੀ ਸਰਕਾਰ ਸਮੇਂ ਹੋਈਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਤੇ ਹੋਰ ਮੁੱਦਿਆਂ ‘ਤੇ ਆਪਣੇ ਆਪ ਨੂੰ ਗ਼ੁਨਾਹਗਾਰ ਮੰਨਦੇ ਹੋਏ ਗ਼ੁਨਾਹ-ਪੱਤਰ ਦੇਣਗੇ। ਬਾਗ਼ੀ ਅਕਾਲੀ ਇਹ ਕਹਿ ਚੁੱਕੇ ਹਨ ਕਿ 2015 ਵਿਚ ਅਕਾਲੀ ਸਰਕਾਰ ਹੁੰਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ, ਡੇਰਾ ਸਿਰਸਾ ਮੁਖੀ ਨੂੰ ਦਿੱਤੀ ਮਾਫ਼ੀ, ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਵਿੱਚੋਂ ਗ਼ਾਇਬ ਹੋਏ 328 ਪਾਵਨ ਸਰੂਪ, ਬਰਗਾੜੀ ਤੇ ਬਹਿਬਲ ਕਲਾਂ ਗੋਲੀ ਕਾਂਡ ਤੇ ਹੋਰਨਾਂ ਮੁੱਦਿਆਂ ਨੂੰ ਲੈ ਕੇ ਉਹ ਵੀ ਕਿਤੇ ਨਾ ਕਿਤੇ ਗ਼ੁਨਾਹਗਾਰ ਹਨ। ਇਸ ਲਈ ਧਾਰਮਿਕ ਆਗੂ ਤੇ ਸਿੱਖ ਪੰਥ ਦੀ ਖੇਤਰੀ ਪਾਰਟੀ ਅਕਾਲੀ ਦਲ ਦੇ ਨੁਮਾਇੰਦੇ ਹੁੰਦਿਆਂ ਤਮਾਮ ਘਟਨਾਵਾਂ ਲਈ ਵੀ ਕਿਤੇ ਨਾ ਕਿਤੇ ਜ਼ਿੰਮੇਵਾਰ ਹਨ। ਇਸ ਲਈ ਉਹ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਪੇਸ਼ ਹੋ ਕੇ ਆਪਣੇ ਗੁਨਾਹ ਲਈ ਮਾਫ਼ੀ ਮੰਗਣਾ ਚਾਹੁੰਦੇ ਹਨ। ਇਸੇ ਸੰਦਰਭ ਵਿਚ ਅਕਾਲੀ ਆਗੂ ਵਫ਼ਦ ਦੇ ਰੂਪ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੂੰ ਮਿਲ ਕੇ ਗ਼ੁਨਾਹ-ਪੱਤਰ ਦੇਣਗੇ ਅਤੇ ਮਾਫ਼ੀ ਦੀ ਗੁਹਾਰ ਲਗਾਉਣਗੇ।

Spread the love