ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਵੱਲੋਂ ਸੁਖਬੀਰ ਬਾਦਲ ਨੂੰ ਕਲੀਨ ਚਿੱਟ

ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਹੋਈ। ਲੋਕ ਸਭਾ ਚੋਣਾਂ ਵਿਚ ਕਰਾਰੀ ਹਾਰ ਮਗਰੋਂ ਕੋਰ ਕਮੇਟੀ ਦੀ ਇੱਥੇ ਕਰੀਬ ਛੇ ਘੰਟੇ ਚੱਲੀ ਮੀਟਿੰਗ ਵਿਚ ਚੋਣਾਂ ’ਚ ਪਾਰਟੀ ਦੀ ਕਾਰਗੁਜ਼ਾਰੀ ਅਤੇ ਪੰਜਾਬ ਦੇ ਮੌਜੂਦਾ ਸਿਆਸੀ ਹਾਲਾਤ ’ਤੇ ਚਰਚਾ ਕੀਤੀ ਗਈ। ਕੋਰ ਕਮੇਟੀ ਦੇ ਕਿਸੇ ਮੈਂਬਰ ਨੇ ਮੀਟਿੰਗ ਦੌਰਾਨ ਸੁਖਬੀਰ ਬਾਦਲ ਦੀ ਪ੍ਰਧਾਨਗੀ ’ਤੇ ਕੋਈ ਸਵਾਲ ਖੜ੍ਹਾ ਨਹੀਂ ਕੀਤਾ ਬਲਕਿ ਉਨ੍ਹਾਂ ਦੀ ਅਗਵਾਈ ’ਤੇ ਪੂਰਾ ਭਰੋਸਾ ਪ੍ਰਗਟਾਇਆ। ਕੋਰ ਕਮੇਟੀ ਨੇ ਲੋਕ ਸਭਾ ਚੋਣਾਂ ਵਿਚ ਹੋਈ ਹਾਰ ਦੇ ਮਾਮਲੇ ਵਿਚ ਇੱਕ ਤਰੀਕੇ ਨਾਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਕਲੀਨ ਚਿੱਟ ਦੇ ਦਿੱਤੀ ਹੈ। ਮੀਟਿੰਗ ਵਿਚ ਝੂੰਦਾਂ ਕਮੇਟੀ ਦੀਆਂ ਸਿਫ਼ਾਰਸ਼ਾਂ ’ਤੇ ਸਭ ਨੇ ਚੁੱਪ ਵੱਟੀ ਰੱਖੀ।ਕੋਰ ਕਮੇਟੀ ਨੇ ਫ਼ੈਸਲਾ ਕੀਤਾ ਹੈ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਪਾਰਟੀ ਦੀ ਸਮੁੱਚੀ ਰਣਨੀਤੀ ਤਿਆਰ ਕਰਨ ਲਈ ਅਤੇ ਭਵਿੱਖ ਦਾ ਏਜੰਡਾ ਤੈਅ ਕਰਨ ਵਾਸਤੇ ਪਾਰਟੀ ਆਗੂਆਂ ਤੋਂ ਵਿਅਕਤੀਗਤ ਅਤੇ ਸਮੂਹਿਕ ਤੌਰ ’ਤੇ ਸੁਝਾਅ ਲੈਣਗੇ। ਪਾਰਟੀ ਨੇ ਸਭਨਾਂ ਨੂੰ ਖੁੱਲ੍ਹੇ ਸੁਝਾਅ ਅਤੇ ਮਸ਼ਵਰੇ ਦੇਣ ਦਾ ਸੱਦਾ ਦਿੱਤਾ ਹੈ। ਚੋਣਾਂ ਦੌਰਾਨ ਸਾਹਮਣੇ ਆਏ ਮਾਮਲੇ ਵੀ ਪਾਰਟੀ ਪਲੈਟਫ਼ਾਰਮ ’ਤੇ ਰੱਖਣ ਲਈ ਕਿਹਾ ਹੈ। ਪਾਰਟੀ ਨੇ ਨਵੀਂ ਅਨੁਸ਼ਾਸਨੀ ਕਮੇਟੀ ਦੇ ਗਠਨ ਅਤੇ ਕਮੇਟੀ ਦੇ ਪਹਿਲੇ ਪ੍ਰਧਾਨ ਦੀ ਛੁੱਟੀ ਕਰਨ ਦਾ ਫ਼ੈਸਲਾ ਕੀਤਾ ਹੈ। ਕਮੇਟੀ ਨੇ ਮੀਟਿੰਗ ਵਿਚ ਦੇਸ਼ ਵਿਚ ਵਧ ਰਹੇ ਫ਼ਿਰਕੂ ਧਰੁਵੀਕਰਨ, ਸੰਸਦ ਮੈਂਬਰ ਕੰਗਣਾ ਰਣੌਤ ਦੀ ਜ਼ਹਿਰੀਲੀ ਬੋਲ ਬਾਣੀ ਅਤੇ ਕੈਥਲ ਵਿਚ ਸਿੱਖ ਨੌਜਵਾਨ ’ਤੇ ਹਮਲੇ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ ਅਤੇ ਨਿੰਦਾ ਕੀਤੀ ਗਈ। ਪਾਰਟੀ ਨੇ ਆਪਣਾ ਸਟੈਂਡ ਦੁਹਰਾਇਆ ਕਿ ਸੰਘੀ ਢਾਂਚਾ ਹੀ ਦੇਸ਼ ਨੂੰ ਮਜ਼ਬੂਤ ਕਰ ਸਕਦਾ ਹੈ। ਮੀਟਿੰਗ ਵਿਚ ਮਹਿਸੂਸ ਕੀਤਾ ਗਿਆ ਕਿ ਲੋਕ ਸਭਾ ਚੋਣਾਂ ਵਿਚ ਮੋਦੀ ਵਿਰੋਧੀ ਵੋਟ ਬੈਂਕ ਜੋ ਅਕਾਲੀ ਦਲ ਨੂੰ ਭੁਗਤਣਾ ਸੀ, ਉਹ ਇਸ ਕਰਕੇ ਨਹੀਂ ਭੁਗਤਿਆ ਕਿਉਂਕਿ ਵਿਰੋਧੀ ਪਾਰਟੀਆਂ ਨੇ ਵੋਟਰਾਂ ਨੂੰ ਇਹ ਜਚਾ ਦਿੱਤਾ ਕਿ ਅਕਾਲੀ ਦਲ ਤੇ ਭਾਜਪਾ ਇੱਕੋ ਹੀ ਹਨ। ਪਾਰਟੀ ਦੇ ਸੀਨੀਅਰ ਆਗੂ ਡਾ.ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਬਹੁਤ ਹੀ ਸੁਖਾਵੇਂ ਮਾਹੌਲ ਵਿਚ ਹੋਈ ਮੀਟਿੰਗ ਵਿਚ ਚੋਣਾਂ ਨੂੰ ਲੈ ਕੇ ਚਰਚਾ ਹੋਈ ਹੈ ਅਤੇ ਅਨੁਸ਼ਾਸਨੀ ਕਮੇਟੀ ਬਣਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਮੀਟਿੰਗ ਵਿਚ ਲੋਕ ਫ਼ਤਵੇ ਨੂੰ ਸਵੀਕਾਰ ਕੀਤਾ ਗਿਆ ਅਤੇ ਝੂੰਦਾਂ ਕਮੇਟੀ ਬਾਰੇ ਕੋਈ ਗੱਲ ਨਹੀਂ ਹੋਈ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਭੂੰਦੜ ਨੇ ਮੀਟਿੰਗ ਤੋਂ ਪਹਿਲਾਂ ਕਿਹਾ ਕਿ ਜੰਗ ਵਿਚ ਜਿੱਤ ਹਾਰ ਹੁੰਦੀ ਰਹਿੰਦੀ ਹੈ ਅਤੇ ਇਸ ਮੌਕੇ ਸਭ ਨੂੰ ਜਰਨੈਲ ਨਾਲ ਖੜ੍ਹਨਾ ਚਾਹੀਦਾ ਹੈ। ਲੋਕ ਸਭਾ ਚੋਣਾਂ ਵਿਚ ਪਾਰਟੀ ਦੇ 10 ਉਮੀਦਵਾਰਾਂ ਦੀ ਜ਼ਮਾਨਤ ਜ਼ਬਤ ਹੋ ਗਈ ਸੀ। ਬਾਦਲ ਪਰਿਵਾਰ ਆਪਣੀ ਬਠਿੰਡਾ ਸੀਟ ਹੀ ਬਚਾ ਸਕਿਆ ਹੈ। ਪਾਰਟੀ ਦਾ ਵੋਟ ਫੀਸਦ ਵੀ ਘਟ ਕੇ 13.42 ਫ਼ੀਸਦੀ ਰਹਿ ਗਿਆ ਹੈ ਜੋ ਕਿ ਸਾਲ 2019 ਦੀਆਂ ਚੋਣਾਂ ਵਿਚ 27.76 ਫ਼ੀਸਦੀ ਸੀ। ਪੰਜਾਬ ਵਿਧਾਨ ਸਭਾ ਵਿਚ ਪਾਰਟੀ ਦੇ ਸਿਰਫ਼ ਤਿੰਨ ਵਿਧਾਇਕ ਹਨ।

ਕੋਰ ਕਮੇਟੀ ਦੀ ਮੀਟਿੰਗ ਤੋਂ ਐਨ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਅਤੇ ਸਿਆਸੀ ਸਕੱਤਰ ਚਰਨਜੀਤ ਸਿੰਘ ਬਰਾੜ ਨੇ ਇੱਕ ਪੱਤਰ ਲਿਖ ਕੇ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ’ਤੇ ਉਂਗਲ ਉਠਾਈ ਹੈ। ਉਨ੍ਹਾਂ ਲਿਖਿਆ ਹੈ ਕਿ ਪਾਰਟੀ ਦੇ ਵਡੇਰੇ ਹਿੱਤਾਂ ਲਈ ਬਲਵਿੰਦਰ ਸਿੰਘ ਭੂੰਦੜ ਦੀ ਅਗਵਾਈ ਹੇਠ ਇੱਕ ਪੰਚ ਪ੍ਰਧਾਨੀ ਬਣਾ ਦਿੱਤੀ ਜਾਵੇ ਜਿਸ ਵਿਚ ਪ੍ਰਧਾਨ ਸ਼੍ਰੋਮਣੀ ਕਮੇਟੀ ਹਰਜਿੰਦਰ ਸਿੰਘ ਧਾਮੀ, ਹਰਸਿਮਰਤ ਕੌਰ ਬਾਦਲ, ਪ੍ਰੇਮ ਸਿੰਘ ਚੰਦੂਮਾਜਰਾ, ਗੁਲਜ਼ਾਰ ਸਿੰਘ ਰਣੀਕੇ, ਹੀਰਾ ਸਿੰਘ ਗਾਬੜੀਆ ਅਤੇ ਐਨ.ਕੇ.ਸ਼ਰਮਾ ਨੂੰ ਮੈਂਬਰ ਵਜੋਂ ਸ਼ਾਮਲ ਕੀਤਾ ਜਾਵੇ। ਡੈਲੀਗੇਟਾਂ ਦੀ ਨਵੀਂ ਭਰਤੀ ਕਰਕੇ ਪ੍ਰਧਾਨ ਦੀ ਚੋਣ ਤੱਕ ਇਹ ਕੰਮ ਕਰੇ। ਉਨ੍ਹਾਂ ਪ੍ਰਧਾਨ ਨੂੰ ਸੰਗਤਾਂ ਤੋਂ ਲਿਖਤੀ ਮੁਆਫ਼ੀ ਮੰਗਣ ਦਾ ਸੁਝਾਅ ਵੀ ਦਿੱਤਾ ਹੈ। ਉਨ੍ਹਾਂ ਲਿਖਿਆ ਹੈ ਕਿ ਪਾਰਟੀ ਪੰਥ ਪ੍ਰਤੀ ਜਜ਼ਬੇ ਰੱਖਣ ਵਾਲਿਆਂ ਨਾਲ ਚੱਲਦੀ ਹੈ, ਨਾ ਕਿ ਵੱਡੇ ਪੈਕੇਜ ਦੇਣ ਵਾਲੇ ਸਲਾਹਕਾਰਾਂ ਨਾਲ।

Spread the love