ਨਿਊਯਾਰਕ, 2 ਸਤੰਬਰ (ਰਾਜ ਗੋਗਨਾ)- ਬੀਤੇ ਦਿਨ ਅਮਰੀਕਾ ਦੇ ਸੂਬੇ ਓਹਾਈਓ ਦੇ ਸ਼ਹਿਰ ਸਿਨਸਿਨੈਟੀ ਦੀ ਜ਼ੇਵੀਅਰ ਯੂਨੀਵਰਸਿਟੀ ਵਿਖੇ ਸੱਤਵਾਂ ਸਲਾਨਾ ‘ਸਿਨਸਨੈਟੀ ਫੈਸਟੀਵਲ ਆਫ ਫੇਥਸ’ (ਵਿਸ਼ਵ ਧਰਮ ਸੰਮੇਲਨ) ਦਾ ਆਯੋਜਨ ਕੀਤਾ ਗਿਆ।‘ਇਕੁਏਜ਼ਨ’ਸੰਸਥਾ ਵਲੋਂ ਕਰਵਾਏ ਜਾਂਦੇ ਇਸ ਸੰਮੇਲਨ ਵਿੱਚ 13 ਪ੍ਰਮੁੱਖ ਵਿਸ਼ਵ ਧਰਮਾਂ ਦੇ ਲੋਕ ਅਤੇ 30 ਤੋਂ ਵੱਧ ਧਾਰਮਿਕ ਸੰਸਥਾਵਾਂ ਇਕ ਵਾਰ ਫਿਰ ਇਕਜੁੱਟ ਹੋਈਆਂ ਅਤੇ ਵੱਖ-ਵੱਖ ਧਰਮਾਂ, ਸਭਿਆਚਾਰਾਂ ਬਾਰੇ ਸਿੱਖਿਆ ਦੇਣ ਅਤੇ ਲੈਣ ਲਈ, ਵੱਡੀ ਗਿਣਤੀ ਵਿਚ ਲੋਕ ਇਕੱਠੇ ਹੋਏ।
ਇਸ ਸਮਾਗਮ ਸੰਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਸਿੱਖ ਕਮਿਉਨਿਟੀ ਦੇ ਕਾਰਕੁੰਨ ਸਮੀਪ ਸਿੰਘ ਗੁਮਟਾਲਾ ਨੇ ਦੱਸਿਆ ਕਿ ਸਿਨਸਿਨੈਟੀ ਅਤੇ ਨੇੜਲੇ ਸ਼ਹਿਰ ਡੇਟਨ ਦੇ ਸਿੱਖਾਂ ਨੇ ਇਸ ਸਮਾਗਮ ਵਿੱਚ ਹਿੱਸਾ ਲਿਆ। ਪਿਛਲੇ ਸਾਲ ਵਾਂਗ ਸਿੱਖ ਭਾਈਚਾਰੇ ਵਲੋਂ ਆਏ ਹੋਏ ਹਜ਼ਾਰਾਂ ਮਹਿਮਾਨਾਂ ਲਈ ਲੰਗਰ ਦੀ ਵੀ ਸੇਵਾ ਕੀਤੀ ਗਈ। ਆਏ ਹੋਏ ਮਹਿਮਾਨਾਂ ਨੂੰ ਸਿੱਖ ਧਰਮ ਵਿੱਚ ਲੰਗਰ ਦੀ ਸੇਵਾ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ ਗਿਆ।
ਸੰਮੇਲਨ ਦਾ ਉਦਘਾਟਨ ਵੱਖ-ਵੱਖ ਧਰਮਾਂ ਦੀ ਅਰਦਾਸ ਦੇ ਨਾਲ ਹੋਇਆ। ਵੱਖ-ਵੱਖ ਧਰਮਾਂ ਦੇ ਨੁਮਾਇੰਦਿਆਂ ਨੇ ਆਪਣੇ ਧਰਮ ਦੇ ਅਕੀਦੇ ਮੁਤਾਬਕ ਪਰਮਾਤਮਾ ਦਾ ਗੁਣ ਗਾਇਨ ਕੀਤਾ। ਮਰਹੂਮ ਜੈਪਾਲ ਸਿੰਘ ਜੋ ਕਿ ਇਸ ਸੰਮੇਲਨ ਦੇ ਮੁੱਖ ਸੰਸਥਾਪਕਾਂ ਵਿੱਚੋਂ ਸਨ, ਉਹਨਾਂ ਦੀ ਪਤਨੀ ਬੀਬੀ ਅਸੀਸ ਕੌਰ ਨੇ ਸਿੱਖ ਧਰਮ ਦੀਆਂ ਮੂਲ ਬੁਨਿਆਦੀ ਸਿੱਖਿਆਵਾਂ ਦੇ ਬਾਰੇ ਦੱਸਿਆ। ਉਹਨਾਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ‘ਚ ਗੁਰੂ ਸਾਹਿਬ ਫੁਰਮਾਉਂਦੇ ਹਨ ‘ਨਾ ਕੋ ਬੈਰੀ ਨਹੀ ਬਿਗਾਨਾ ਸਗਲ ਸੰਗਿ ਹਮ ਕਉ ਬਨਿਆਈ’ਜਿਸ ਦਾ ਸੁਨੇਹਾ ਹੈ ‘ਮੈਨੂੰ ਕੋਈ ਵੈਰੀ ਨਹੀਂ ਦਿੱਸਦਾ, ਕੋਈ ਬੈਗਾਨਾ ਨਹੀਂ ਦਿੱਸਦਾ, ਸਭਨਾਂ ਨਾਲ ਮੇਰਾ ਪਿਆਰ ਬਣਿਆ ਹੋਇਆ ਹੈ।
ਗੁਰਦੁਆਰਾ ਫਤਹਿਗੜ੍ਹ ਸਾਹਿਬ ਪੰਜਾਬ ਦੇ ਹੈਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਹਰਪਾਲ ਸਿੰਘ ਜੀ ਵੀ ਇਸ ਪ੍ਰੋਗਰਾਮ ‘ਚ ਵਿਸ਼ੇਸ਼ ਤੋਰ ਤੇ ਸ਼ਾਮਲ ਹੋਏ। ਉਹਨਾਂ ਸਿੱਖ ਭਾਈਚਾਰੇ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ‘ਆਪਣੀ ਕੌਮੀ ਹਾਜਰੀ ਲਵਾਉਣ ਵਾਸਤੇ, ਆਪਣੀ ਕੌਮੀ ਪਹਿਚਾਣ ਸੰਸਾਰ ਸਾਹਮਣੇ ਰੱਖਣ ਲਈ ਜਿਸ ਤਰ੍ਹਾਂ ਸਿੱਖ ਭਾਈਚਾਰਾ ਯਤਨਸ਼ੀਲ ਹੈ, ਮੈਂ ਇਹਨਾਂ ਦੀ ਭਾਵਨਾ ਨੂੰ ਨਮਸਕਾਰ ਕਰਦਾ ਹਾਂ। ਆਪਣੀ ਕਿਰਤ ਦੇ ਨਾਲ ਨਾਲ ਇਹ ਕੌਮ ਦਾ ਨਾਮ ਉੱਚਾ ਕਰ ਰਹੇ ਹਨ, ਗੁਰੂ ਸਾਹਿਬ ਜੀ ਇਹਨਾਂ ਨੂੰ ਚੜਦੀ ਕਲਾ ਬਖਸ਼ਣ। ਹਜ਼ੂਰੀ ਰਾਗੀ ਭਾਈ ਬਿਕਰਮਜੀਤ ਸਿੰਘ, ਭਾਈ ਚਰਨਬੀਰ ਸਿੰਘ ਰਬਾਬੀ, ਭਾਈ ਪ੍ਰਭਜੋਤ ਸਿੰਘ ਦੇ ਜੱਥੇ ਨੇ ਸਿੱਖ ਸੰਗਤ ਸਣੇ ਸ਼ਬਦ ਕੀਰਤਨ “ਸਭੇ ਜੀਅ ਸਮਾਲਿ ਅਪਣੀ ਮਿਹਰ ਕਰੁ’ਗਾਇਨ ਕੀਤਾ। ਵੱਖ-ਵੱਖ ਧਰਮਾਂ ਦੇ ਸਿਮਰਨ ਦੇ ਸੈਸ਼ਨ ‘ਚ ਸਿੱਖ ਭਾਈਚਾਰੇ ਵਲੋਂ ਬੀਬੀ ਮਿਹਰ ਕੌਰ ਨੇ ਦਿਲਰੁਬਾ ਨਾਲ ਮੂਲ-ਮੰਤਰ ਦਾ ਗਾਇਨ ਅਤੇ ਵਾਹਿਗੁਰੂ ਦਾ ਸਿਮਰਨ ਕੀਤਾ।
ਇਸ ਮੌਕੇ ਸਿੱਖ ਪ੍ਰਦਰਸ਼ਨੀ ਵਿੱਚ ਪੁਸਤਕਾਂ ਤੋਂ ਇਲਾਵਾ ਸਿੱਖ ਧਰਮ ਬਾਰੇ ਜਾਣਕਾਰੀ ਦੇਣ ਲਈ ਕਕਾਰ ਵੀ ਰੱਖੇ ਗਏ। ਆਏ ਹੋਏ ਮਹਿਮਾਨਾਂ ਨੂੰ ਦਸਤਾਰ ਬੰਨਣ ਤੇ ਉਸ ਦੀ ਮਹੱਤਤਾ ਬਾਰੇ ਜਾਣੂ ਕਰਾਉਣ ਲਈ ਸੈਸ਼ਨ ਦਾ ਪ੍ਰਬੰਧ ਕੀਤਾ ਗਿਆ। ਦਸਤਾਰ ਸਜਾ ਕੇ ਬੱਚੇ, ਵੱਡੇ, ਬਜ਼ੁਰਗ ਬਹੁਤ ਹੀ ਉਤਸ਼ਾਹਿਤ ਹੁੰਦੇ ਹੋਏ ਤਸਵੀਰਾਂ ਲੈਂਦੇ ਅਤੇ ਮਾਣ ਨਾਲ ਸੰਮੇਲਨ ਵਿੱਚ ਘੁੰਮਦੇ ਨਜ਼ਰ ਆਏ। ਇਸ ਮੌਕੇ
ਸਿਨਸਿਨੈਟੀ ਸ਼ਹਿਰ ਦੇ ਮੇਅਰ ਆਫਤਾਬ ਪੁਰੇਵਾਲ ਨੇ ਕਿਹਾ, “ਅੱਜ ਕਈ ਧਰਮਾਂ ਤੋਂ ਲੋਕ ਇਸ ਸਮਾਗਮ ‘ਚ ਸ਼ਾਂਤੀ, ਆਪਸੀ ਪਿਆਰ ਅਤੇ ਜਾਣਕਾਰੀ ਵਧਾਉਣ ਲਈ ਇਕੱਠੇ ਹੋਏ ਹਨ। ਮੈਨੂੰ ਇਸ ਤੱਥ ‘ਤੇ ਮਾਣ ਹੈ ਕਿ ਮੇਰੇ ਪਿਤਾ ਵੀ ਇੱਕ ਸਿੱਖ ਹਨ। ਸਿਨਸਿਨੈਟੀ, ਡੇਟਨ ਅਤੇ ਓਹਾਇਓ ਦੇ ਹੋਰਨਾਂ ਸ਼ਹਿਰਾਂ ਤੋਂ ਸਾਰੇ ਸਿੱਖ ਆਪਣੇ ਧਰਮ ਬਾਰੇ ਜਾਣਕਾਰੀ ਦੇਣ ਅਤੇ ਲੰਗਰ ਦੀ ਪ੍ਰਥਾ ਨੂੰ ਸਾਂਝਾ ਕਰਨ ਲਈ ਆਏ ਹੋਏ ਸਨ। ਲੰਗਰ ਸਿੱਖ ਧਰਮ ਵਿੱਚ ਇਕ ਐਸੀ ਪਰੰਪਰਾ ਹੈ ਜੋ ਦੱਸਦੀ ਹੈ ਕਿ ਹਰ ਕੋਈ ਰੱਬ ਦੀ ਨਜ਼ਰ ਵਿੱਚ ਬਰਾਬਰ ਹੈ। ਤੁਸੀਂ ਦੁਨੀਆਂ ਭਰ ਦੇ ਕਿਸੇ ਵੀ ਗੁਰਦੁਆਰੇ ਵਿੱਚ ਜਾ ਸਕਦੇ ਹੋ ਅਤੇ ਲੰਗਰ ਛੱਕ ਸਕਦੇ ਹੋ। ਮੈਨੂੰ ਸਿੱਖ ਭਾਈਚਾਰੇ ‘ਤੇ ਬਹੁਤ ਮਾਣ ਹੈ।”
ਇਸ ਮੌਕੇ ਸਿੱਖ ਭਾਈਚਾਰੇ ਵੱਲੋਂ ਫੈਸਟੀਵਲ ਦੇ ਸੰਸਥਾਪਕਾਂ ਵਿੱਚੋ ਇੱਕ ਜੈਪਾਲ ਸਿੰਘ ਨੂੰ ਵੀ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਸਮਾਗਮ ਨਾਲ ਸਿਨਸਿਨਾਟੀ ਦੇ ਵੱਖ ਵੱਖ ਭਾਈਚਾਰਿਆਂ ਵਿੱਚ ਆਪਸੀ ਸਿੱਖਿਆ, ਸੰਬੰਧ, ਹਮਦਰਦੀ, ਸਮਝ ਅਤੇ ਪਿਆਰ ਪੈਦਾ ਹੋ ਰਿਹਾ ਹੈ।