ਮੀਂਹ ਮਗਰੋਂ ਜ਼ਮੀਨ ਖਿਸਕਣ ਕਾਰਨ 1200 ਤੋਂ ਵੱਧ ਸੈਲਾਨੀ ਫਸੇ

ਸਿੱਕਮ ਦੇ ਮੰਗਨ ਜ਼ਿਲ੍ਹੇ ’ਚ ਭਾਰੀ ਮੀਂਹ ਪੈਣ ਮਗਰੋਂ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਕਾਰਨ 15 ਵਿਦੇਸ਼ੀਆਂ ਸਮੇਤ 1200 ਤੋਂ ਵੱਧ ਸੈਲਾਨੀ ਫਸ ਗਏ ਹਨ। ਇਹ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ। ਸਿੱਕਮ ਦੇ ਸੈਰ-ਸਪਾਟਾ ਅਤੇ ਸਿਵਲ ਹਵਾਬਾਜ਼ੀ ਵਿਭਾਗ ਦੇ ਪ੍ਰਮੁੱਖ ਸਕੱਤਰ ਸੀਐੱਸ ਰਾਓ ਨੇ ਕਿਹਾ ਕਿ ਮੁੱਖ ਸਕੱਤਰ ਦੇ ਦਫ਼ਤਰ ਨੇ ਮੌਸਮ ਦੀ ਸਥਿਤੀ ਦੇ ਆਧਾਰ ’ਤੇ ਸਾਰੇ ਸੈਲਾਨੀਆਂ ਨੂੰ ਏਅਰਲਿਫਟ ਕਰਨ ਲਈ ਕੇਂਦਰ ਸਰਕਾਰ ਨਾਲ ਗੱਲਬਾਤ ਸ਼ੁਰੂ ਕਰ ਦਿੱਤੀ ਹੈ।ਇਸੇ ਦਰਮਿਆਨ ਮੁੱਖ ਮੰਤਰੀ ਪ੍ਰੇਮ ਸਿੰਘ ਤਮਾਂਗ ਨੇ ਹਾਲਾਤ ਦਾ ਜਾਇਜ਼ਾ ਲੈਣ ਲਈ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕੀਤੀ। ਭਾਰੀ ਮੀਂਹਾਂ ਕਾਰਨ ਇਸ ਹਿਮਾਲਿਆਈ ਖੇਤਰ ’ਚ ਵੱਡੇ ਪੱਧਰ ’ਤੇ ਜਾਇਦਾਦਾਂ ਦਾ ਨੁਕਸਾਨ ਹੋਇਆ ਹੈ। ਕਈ ਸੜਕਾਂ ਟੁੱਟ ਗਈਆਂ ਹਨ ਅਤੇ ਬਿਜਲੀ ਤੇ ਖੁਰਾਕੀ ਵਸਤਾਂ ਦੀ ਸਪਲਾਈ ਤੇ ਮੋਬਾਈਲ ਨੈੱਟਵਰਕ ਪ੍ਰਭਾਵਿਤ ਹੋਇਆ ਹੈ। ਰਾਓ ਨੇ ਇੱਕ ਬਿਆਨ ’ਚ ਕਿਹਾ, ‘ਜ਼ਮੀਨੀ ਪੱਧਰ ’ਤੇ ਮਿਲੀਆਂ ਰਿਪੋਰਟਾਂ ਅਨੁਸਾਰ ਭਾਰੀ ਮੀਂਹ ਪੈਣ ਤੇ ਢਿੱਗਾਂ ਖਿਸਕਣ ਕਾਰਨ ਤਕਰੀਬਨ 1200 ਘਰੇਲੂ ਤੇ 15 ਵਿਦੇਸ਼ੀ (ਥਾਈਲੈਂਡ ਦੇ ਦੋ, ਨੇਪਾਲ ਦੇ ਤਿੰਨ ਤੇ ਬੰਗਲਾਦੇਸ਼ ਦੇ 10) ਸੈਲਾਨੀ ਮੰਗਨ ਜ਼ਿਲ੍ਹੇ ਦੇ ਲਾਚੁੰਗ ’ਚ ਫਸ ਗਏ ਹਨ।’

Spread the love