ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਸ਼ਹੀਦੀ ਸਭਾ ਮੌਕੇ ਕੀਤੀ ਗਈ ਸ਼ਹੀਦੀ ਮੀਰੀ-ਪੀਰੀ ਕਾਨਫਰੰਸ ਵਿਚ ਪਹੁੰਚੀਆਂ ਪੰਥਕ ਧਿਰਾਂ ਅਤੇ ਇਨਸਾਫ਼ ਮੋਰਚੇ ਦੇ ਆਗੂਆਂ ਨੇ ਬਾਪੂ ਗੁਰਚਰਨ ਸਿੰਘ ਕਨਵੀਨਰ ਕੌਮੀ ਇਨਸਾਫ਼ ਮੋਰਚਾ ਦੀ ਅਗਵਾਈ ਹੇਠ 7 ਜਨਵਰੀ ਨੂੰ ਬੰਦੀ ਸਿੰਘਾਂ ਦੀ ਰਿਹਾਈ ਦੇ ਮੁੱਦੇ ਨੂੰ ਲੈ ਕੇ ਜਮਹੂਰੀ ਅਤੇ ਪੁਰਅਮਨ ਢੰਗ ਨਾਲ ਮਾਰਚ ਕਰਨ ਦਾ ਫ਼ੈਸਲਾ ਕੀਤਾ ਸੀ। ਇਸ ਮਾਰਚ ਵਿਚ ਸ਼ਾਮਲ ਹੋਣ ਤੋਂ ਰੋਕਣ ਲਈ ਪੁਲੀਸ ਨੇ ਅੱਜ ਸਵੇਰੇ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੇ ਘਰ ਨੂੰ ਘੇਰਾ ਪਾ ਕੇ ਉਨ੍ਹਾਂ ਨੂੰ ਘਰ ਵਿਚ ਹੀ ਨਜ਼ਰਬੰਦ ਕਰ ਦਿੱਤਾ। ਪੁਲੀਸ ਨੇ ਅੱਜ ਸੁਵਖ਼ਤੇ ਹੀ ਇਥੇ ਤਲਾਣੀਆਂ ਸਥਿਤ ਸ੍ਰੀ ਮਾਨ ਦੀ ਰਿਹਾਇਸ਼ ਕਿਲ੍ਹਾ ਸਰਦਾਰ ਹਰਨਾਮ ਸਿੰਘ ਨੂੰ ਘੇਰਾ ਪਾ ਲਿਆ।ਇਸੇ ਤਰ੍ਹਾਂ ਪੁਲੀਸ ਵੱਲੋਂ ਖਡੂਰ ਸਾਹਿਬ ਹਲਕੇ ਦੇ ਲੋਕ ਸਭਾ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਘਰ ਨੂੰ ਘੇਰਾ ਪਾ ਕੇ ਉਸ ਦੇ ਪਿਤਾ ਤਰਸੇਮ ਸਿੰਘ ਨੂੰ ਵੀ ਅੱਜ ਤੜਕੇ ਹੀ ਘਰ ਵਿਚ ਨਜ਼ਰਬੰਦ ਕਰ ਦਿੱਤਾ ਗਿਆ। ਸ੍ਰੀ ਮਾਨ ਨੇ ਦਸਿਆ ਕਿ ਪਾਰਟੀ ਦੇ ਜਰਨਲ ਸਕੱਤਰ ਪ੍ਰੋ. ਮਹਿੰਦਰਪਾਲ ਸਿੰਘ, ਪੀਏਸੀ ਮੈਂਬਰ ਬਹਾਦਰ ਸਿੰਘ ਭਸੌੜ, ਗੁਰਨੈਬ ਸਿੰਘ ਰਾਮਪੁਰਾ, ਹਰਜੀਤ ਸਿੰਘ ਮੀਆਂਪੁਰ, ਨਰਿੰਦਰ ਸਿੰਘ ਕਾਲਾਬੂਲਾ ਧੂਰੀ ਅਤੇ ਅਮਰੀਕ ਸਿੰਘ ਆਦਿ ਨੂੰ ਵੀ ਹਾਊਸ ਅਰੈਸਟ (ਘਰਾਂ ਵਿਚ ਨਜ਼ਰਬੰਦ) ਕੀਤਾ ਗਿਆ ਹੈ।