SIT ਵੱਲੋਂ ਬਿਕਰਮ ਮਜੀਠੀਆ ਤੋਂ 7 ਘੰਟੇ ਪੁੱਛਗਿੱਛ

ਨਸ਼ਾ ਤਸਕਰੀ ਦੇ ਦੋਸ਼ਾਂ ਤਹਿਤ ਸਵਾ ਤਿੰਨ ਸਾਲ ਪਹਿਲਾਂ ਦਰਜ ਕੇਸ ਦੀ ਜਾਂਚ ਕਰ ਰਹੀ ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਅਗਵਾਈ ਹੇਠਲੀ ਵਿਸ਼ੇਸ਼ ਜਾਂਚ ਟੀਮ (ਸਿਟ) ਵੱਲੋਂ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਕੋਲੋਂ ਪੁਲੀਸ ਲਾਈਨ ਪਟਿਆਲਾ ਵਿੱਚ ਸੱਤ ਘੰਟੇ ਪੁੱਛ-ਪੜਤਾਲ ਕੀਤੀ ਗਈ। ਇਸ ਦੌਰਾਨ ਹੋਰ ਮੱਦਾਂ ਸਣੇ ਮੁੱਖ ਤੌਰ ’ਤੇ ਪਿਛਲੇ ਸਮੇਂ ਦੌਰਾਨ ਹੋਏ ਲੈਣ-ਦੇਣ ਸਬੰਧੀ ਵਧੇਰੇ ਸਵਾਲ-ਜਵਾਬ ਹੋਏ ਪਰ ਅੱਜ ਸਮਾਂ ਜ਼ਿਆਦਾ ਹੋਣ ਕਾਰਨ ਉਸ ਨੂੰ ਭਲਕੇ 18 ਮਾਰਚ ਨੂੰ ਮੁੜ ਤੋਂ ਸਿਟ ਕੋਲ ਪੇਸ਼ ਹੋਣ ਦੀ ਤਾਕੀਦ ਕੀਤੀ ਗਈ ਹੈ। ਬਿਕਰਮ ਮਜੀਠੀਆ ਸਵੇਰੇ 11 ਵਜੇ ਇੱਥੇ ਪਹੁੰਚ ਗਿਆ ਸੀ ਅਤੇ ਸ਼ਾਮ 6 ਵਜੇ ਤੱਕ ਉਸ ਕੋਲੋਂ ਪੁੱਛ-ਪੜਤਾਲ ਜਾਰੀ ਰਹੀ। ਪੁੱਛ-ਪੜਤਾਲ ਵਾਲੀ ਟੀਮ ਵਿੱਚ ਡੀਆਈਜੀ ਹਰਚਰਨ ਸਿੰਘ ਭੁੱਲਰ, ਆਈਪੀਐੱਸ ਅਧਿਕਾਰੀ ਵਰੁਨ ਸ਼ਰਮਾ, ਐੱਸਪੀ (ਡੀ) ਯੋਗੇਸ਼ ਸ਼ਰਮਾ, ਇੰਸਪੈਕਟਰ ਦਰਬਾਰਾ ਸਿੰਘ ਏਡੀਏ ਅਨਮੋਲਜੀਤ ਸਿੰਘ ਆਦਿ ਵੀ ਸ਼ਾਮਲ ਰਹੇ।

Spread the love