ਐੱਸਕੇਐੱਮ (ਗੈਰਸਿਆਸੀ) ਨੇ ਖਨੌਰੀ ਬਾਰਡਰ ’ਤੇ ਮਹਾਪੰਚਾਇਤ ਬਾਰੇ ਉਨ੍ਹਾਂ ਨਾਲ ਕੋਈ ਗੱਲਬਾਤ ਨਹੀਂ ਕੀਤੀ-SKM

ਸੰਯੁਕਤ ਕਿਸਾਨ ਮੋਰਚਾ (ਐੱਸਕੇਐੱਮ) ਦੇ ਆਗੂਆਂ ਨੇ ਲੁਧਿਆਣਾ ਵਿਚ ਸੱਦੀ ਬੈਠਕ ਵਿਚ ਕਈ ਅਹਿਮ ਫੈਸਲੇ ਲਏ ਹਨ। ਆਗੂਆਂ ਨੇ ਕਿਹਾ ਕਿ ਉਹ ਖਨੌਰੀ ਬਾਰਡਰ ਉੱਤੇ ਪਿਛਲੇ 39 ਦਿਨਾਂ ਤੋਂ ਮਰਨ ਵਰਤ ਉੱਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਪੂਰੀ ਹਮਾਇਤ ਕਰਦੇ ਹਨ। ਆਗੂਆਂ ਨੇ ਕਿਹਾ ਕਿ ਉਨ੍ਹਾਂ ਦੇ ਮੋਰਚੇ ਵੱਖੋ ਵੱਖ ਹੋ ਸਕਦੇ ਹਨ, ਪਰ ਉਨ੍ਹਾਂ ਦੀ ਲੜਾਈ ਇਕ ਹੈ। ਐੱਸਕੇਐੱਮ ਆਗੂਆਂ ਨੇ ਕਿਹਾ ਕਿ ਉਹ ਡੱਲੇਵਾਲ ਦੇ ਨਾਲ ਹਨ ਤੇ ਜਿੱਥੇ ਲੋੜ ਹੈ ਉਥੇ ਉਨ੍ਹਾਂ ਨਾਲ ਖੜ੍ਹਨਗੇ। ਉਨ੍ਹਾਂ ਕਿਹਾ ਕਿ ਜਦੋਂ ਡੱਲੇਵਾਲ ਕਹਿ ਚੁੱਕੇ ਹਨ ਕਿ ਜੇ ਕੇਂਦਰ ਸਰਕਾਰ ਗੱਲਬਾਤ ਦਾ ਸੱਦਾ ਦਿੰਦੀ ਹੈ ਤਾਂ ਉਹ ਮੈਡੀਕਲ ਏਡ ਲੈਣ ਲਈ ਤਿਆਰ ਹਨ ਤਾਂ ਫਿਰ ਕੇਂਦਰ ਸਰਕਾਰ ਨੇ ਅਜੇ ਤੱਕ ਕਿਸਾਨ ਆਗੂ ਨਾਲ ਕੋਈ ਰਾਬਤਾ ਕਿਉਂ ਨਹੀਂ ਬਣਾਇਆ। ਬੈਠਕ ਵਿਚ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ, ਬਲਦੇਵ ਸਿੰਘ ਨਿਹਾਲਗੜ੍ਹ, ਜੋਗਿੰਦਰ ਸਿੰਘ ਉਗਰਾਹਾਂ, ਹਰਵਿੰਦਰ ਸਿੰਘ ਲੱਖੋਵਾਲ ਸਣੇ ਹੋਰ ਕਈ ਕਿਸਾਨ ਆਗੂ ਮੌਜੂਦ ਸਨ। ਇਕ ਸਵਾਲ ਦੇ ਜਵਾਬ ਵਿਚ ਕਿਸਾਨ ਆਗੂਆਂ ਨੇ ਕਿਹਾ ਕਿ ਉਹ ਹਰਿਆਣਾ ਦੇ ਟੋਹਾਣਾ ਵਿਚ 4 ਜਨਵਰੀ ਲਈ ਪਹਿਲਾਂ ਹੀ ਮਹਾਪੰਚਾਇਤ ਸੱਦ ਚੁੱਕੇ ਸਨ ਜਦੋਂਕਿ ਐੱਸਕੇੇਐੱਮ (ਗੈਰਸਿਆਸੀ) ਤੇ ਕਿਸਾਨ ਮਜ਼ਦੂਰ ਮੋਰਚੇ ਨੇ ਖਨੌਰੀ ਬਾਰਡਰ ’ਤੇ ਇਸੇ ਤਰੀਕ ਨੂੰ ਮਹਾਪੰਚਾਇਤ ਸੱਦਣ ਦਾ ਫ਼ੈਸਲਾ ਬਾਅਦ ਵਿਚ ਕੀਤਾ ਤੇ ਇਸ ਬਾਰੇ ਉਨ੍ਹਾਂ ਨਾਲ ਕੋਈ ਗੱਲਬਾਤ ਨਹੀਂ ਕੀਤੀ।

Spread the love