ਸਪੇਨ ਤੇ ਨਾਰਵੇ ਨੇ ਫਲਸਤੀਨ ਨੂੰ ਅਧਿਕਾਰਿਤ ਤੌਰ ’ਤੇ ਮੁਲਕ ਵਜੋਂ ਮਾਨਤਾ ਦਿੱਤੀ

ਸਪੇਨ, ਨਾਰਵੇ ਤੇ ਆਇਰਲੈਂਡ ਨੇ ਫ਼ਲਸਤੀਨ ਨੂੰ ਵੱਖਰੇ ਮੁਲਕ ਵਜੋਂ ਮਾਨਤਾ ਦੇਣ ਦਾ ਐਲਾਨ ਕੀਤਾ ਹੈ ਜਿਸ ਨਾਲ ਹਮਾਸ ਨਾਲ ਜੰਗ ਲੜ ਰਹੇ ਇਜ਼ਰਾਈਲ ’ਤੇ ਕੌਮਾਂਤਰੀ ਦਬਾਅ ਵਧੇਗਾ। ਇਜ਼ਰਾਈਲ ਨੇ ਹਾਲਾਂਕਿ ਇਸ ਕੂਟਨੀਤਕ ਕਦਮ ਦੀ ਨਿੰਦਾ ਕਰਦਿਆਂ ਦਾਅਵਾ ਕੀਤਾ ਹੈ ਕਿ ਇਸ ਐਲਾਨ ਦਾ ਗਾਜ਼ਾ ’ਚ ਉਸ ਦੀ ਜੰਗ ’ਤੇ ਤੁਰੰਤ ਕੋਈ ਪ੍ਰਭਾਵ ਨਹੀਂ ਪਵੇਗਾ।ਸਪੇਨ ਦੇ ਪ੍ਰਧਾਨ ਮੰਤਰੀ ਪੈਦਰੋ ਸਾਂਚੇਜ਼ ਨੇ ਕਿਹਾ ਕਿ ਉਨ੍ਹਾਂ ਦੇ ਮੁਲਕ ਦਾ ਮੰਤਰੀ ਮੰਡਲ ਫ਼ਲਸਤੀਨ ਨੂੰ ਮੁਲਕ ਵਜੋਂ ਮਾਨਤਾ ਦੇਵੇਗਾ। ਆਇਰਲੈਂਡ ਤੇ ਨਾਰਵੇ ਵੀ ਬਾਅਦ ਵਿੱਚ ਫ਼ਲਸਤੀਨ ਮੁਲਕ ਨੂੰ ਅਧਿਕਾਰਤ ਤੌਰ ’ਤੇ ਮਾਨਤਾ ਦੇਣਗੇ। ਦਰਜਨਾਂ ਮੁਲਕ ਪਹਿਲਾਂ ਫ਼ਲਸਤੀਨ ਨੂੰ ਮਾਨਤਾ ਦੇ ਚੁੱਕੇ ਹਨ ਪਰ ਕਿਸੇ ਵੱਡੇ ਪੱਛਮੀ ਮੁਲਕ ਨੇ ਅਜਿਹਾ ਨਹੀਂ ਕੀਤਾ ਹੈ। ਸਾਂਚੇਜ਼ ਨੇ ਮੈਡ੍ਰਿਡ ’ਚ ਪ੍ਰਧਾਨ ਮੰਤਰੀ ਦੀ ਰਿਹਾਇਸ਼ ’ਚ ਕਿਹਾ, ‘ਇਹ ਇੱਕ ਇਤਿਹਾਸਕ ਫ਼ੈਸਲਾ ਹੈ ਜਿਸ ਦਾ ਇੱਕੋ-ਇੱਕ ਮਕਸਦ ਹੈ ਅਤੇ ਇਹ ਮਕਸਦ ਇਜ਼ਰਾਈਲ ਤੇ ਫ਼ਲਸਤੀਨ ਦੇ ਲੋਕਾਂ ਨੂੰ ਸ਼ਾਂਤੀ ਸਥਾਪਤ ਕਰਨ ’ਚ ਮਦਦ ਕਰਨਾ ਹੈ।’ ਸਾਂਚੇਜ਼ ਦੇ ਇਸ ਭਾਸ਼ਣ ਦਾ ਟੀਵੀ ’ਤੇ ਸਿੱਧਾ ਪ੍ਰਸਾਰਨ ਕੀਤਾ ਗਿਆ। ਸਾਂਚੇਜ਼ ਨੇ ਪਿਛਲੇ ਹਫ਼ਤੇ ਸੰਸਦ ਦੇ ਸਾਹਮਣੇ ਆਪਣੇ ਮੁਲਕ ਦੇ ਫ਼ੈਸਲੇ ਦਾ ਐਲਾਨ ਕੀਤਾ ਸੀ। ਉਨ੍ਹਾਂ ਗਾਜ਼ਾ ’ਚ ਜੰਗਬੰਦੀ ਤੇ ਫ਼ਲਸਤੀਨ ਨੂੰ ਮਾਨਤਾ ਲਈ ਹਮਾਇਤ ਜੁਟਾਉਣ ਦੇ ਮਕਸਦ ਨਾਲ ਯੂਰਪੀ ਤੇ ਪੱਛਮੀ ਏਸ਼ਿਆਈ ਮੁਲਕਾਂ ਦਾ ਦੌਰਾ ਕੀਤਾ ਸੀ। ਦੂਜੇ ਪਾਸੇ ਇਜ਼ਰਾਈਲ ਦੇ ਵਿਦੇਸ਼ ਮੰਤਰੀ ਇਜ਼ਰਾਈਲ ਕਾਟਜ਼ ਨੇ ਸਪੇਨ ਦੀ ਨਿੰਦਾ ਕਰਦਿਆਂ ਐਕਸ ’ਤੇ ਕਿਹਾ ਕਿ ਸਾਂਚੇਜ਼ ਦੀ ਸਰਕਾਰ ‘ਯਹੂਦੀਆਂ ਖ਼ਿਲਾਫ਼ ਕਤਲੇਆਮ ਤੇ ਜੰਗੀ ਅਪਰਾਧਾਂ ਨੂੰ ਭੜਕਾਉਣ ’ਚ ਸ਼ਾਮਲ ਹੋ ਰਹੀ ਹੈ।’ ਇਸੇ ਦੌਰਾਨ ਨਾਰਵੇ ਦੇ ਵਿਦੇਸ਼ ਮੰਤਰੀ ਐਸਪੇਨ ਬਾਰਥ ਐਡੇ ਨੇ ਕਿਹਾ ਕਿ ਪਿਛਲੇ 30 ਸਾਲਾਂ ਤੋਂ ਨਾਰਵੇ, ਫ਼ਲਸਤੀਨ ਨੂੰ ਰਾਜ ਦਾ ਦਰਜਾ ਦੇਣ ਦਾ ਹਮਾਇਤੀ ਰਿਹਾ ਹੈ। ਅੱਜ ਜਦੋਂ ਨਾਰਵੇ ਨੇ ਅਧਿਕਾਰਤ ਤੌਰ ’ਤੇ ਫ਼ਲਸਤੀਨ ਨੂੰ ਰਾਜ ਵਜੋਂ ਮਾਨਤਾ ਦੇਣ ਦਾ ਐਲਾਨ ਕੀਤਾ ਹੈ ਤਾਂ ਇਹ ਨਾਰਵੇ ਤੇ ਫ਼ਲਸਤੀਨ ਦੇ ਰਿਸ਼ਤਿਆਂ ਲਈ ਮੀਲ ਪੱਥਰ ਹੈ।

Spread the love