ਦਰਬਾਰ ਸਾਹਿਬ ’ਚ ਫੋਟੋਗ੍ਰਾਫੀ ਦੀ ਦੁਰਵਰਤੋਂ ਰੋਕਣਾ ਚੁਣੌਤੀ ਬਣਿਆ

ਦਰਬਾਰ ਸਾਹਿਬ ਦੀ ਪਰਿਕਰਮਾ ਵਿੱਚ ਇੱਕ ਕੁੜੀ ਵੱਲੋਂ ਯੋਗ ਆਸਣ ਕਰਕੇ ਪੈਦਾ ਹੋਏ ਵਿਵਾਦ ਤੋਂ ਬਾਅਦ ਮੁੜ ਅਜਿਹੀ ਸਥਿਤੀ ਪੈਦਾ ਨਾ ਹੋਵੇ, ਨੂੰ ਰੋਕਣਾ ਸ਼੍ਰੋਮਣੀ ਕਮੇਟੀ ਲਈ ਇੱਕ ਵੱਡੀ ਚੁਣੌਤੀ ਸਾਬਤ ਹੋਵੇਗੀ। ਸ਼੍ਰੋਮਣੀ ਕਮੇਟੀ ਵੱਲੋਂ ਯੋਗ ਆਸਣ ਕਰਨ ਵਾਲੀ ਕੁੜੀ ਖ਼ਿਲਾਫ਼ ਪੁਲੀਸ ਕੋਲ ਕੇਸ ਵੀ ਦਰਜ ਕਰਵਾਇਆ ਗਿਆ ਹੈ। ਇਸ ਤੋਂ ਪਹਿਲਾਂ ਵੀ ਕੁੜੀਆਂ ਵੱਲੋਂ ਇੱਥੇ ‘ਟਿਕਟਾਕ’ ਲਈ ਵੀਡੀਓ ਬਣਾਉਣ ਦੀ ਘਟਨਾ ਵਾਪਰ ਚੁੱਕੀ ਹੈ। ਉਸ ਵੇਲੇ ਵੀ ਅਜਿਹਾ ਹੀ ਵਿਵਾਦ ਪੈਦਾ ਹੋਇਆ ਸੀ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਕਈ ਰੋਕਾਂ ਲਾਈਆਂ ਗਈਆਂ ਸਨ। ਉਸ ਮਗਰੋਂ ਹੀ ਦਰਬਾਰ ਸਾਹਿਬ ਦੀ ਪਰਿਕਰਮਾ ਵਿੱਚ ਫੋਟੋਗ੍ਰਾਫੀ ਅਤੇ ਵੀਡੀਓਗ੍ਰਾਫੀ ਕਰਨ ’ਤੇ ਪਾਬੰਦੀ ਲੱਗੀ ਹੋਈ ਹੈ। ਇਸ ਸਬੰਧੀ ਕਈ ਨੋਟਿਸ ਬੋਰਡ ਵੀ ਪਰਿਕਰਮਾ ਅਤੇ ਗੁਰੂਘਰ ਦੇ ਬਾਹਰ ਲੱਗੇ ਹੋਏ ਹਨ ਜੋ ਸ਼ਰਧਾਲੂਆਂ ਨੂੰ ਇੱਥੇ ਅਜਿਹੀਆਂ ਵੀਡੀਓ ਬਣਾਉਣ ਜਾਂ ਤਸਵੀਰਾਂ ਖਿੱਚਣ ਤੋਂ ਰੋਕਣ ਲਈ ਮਨ੍ਹਾ ਕਰਦੇ ਹਨ ਪਰ ਇਨ੍ਹਾਂ ਨਿਯਮਾਂ ਦੀ ਪਾਲਣਾ ਘੱਟ ਹੀ ਕੀਤੀ ਜਾ ਰਹੀ ਹੈ।ਭਾਵੇਂ ਸ਼੍ਰੋਮਣੀ ਕਮੇਟੀ ਵੱਲੋਂ ਯੋਗ ਆਸਣ ਸਬੰਧੀ ਘਟਨਾ ਦੇ ਮਾਮਲੇ ਵਿੱਚ ਡਿਊਟੀ ਦੌਰਾਨ ਕੁਤਾਹੀ ਵਰਤਣ ਦੇ ਦੋਸ਼ ਹੇਠ ਤਿੰਨ ਕਰਮਚਾਰੀਆਂ ਖ਼ਿਲਾਫ਼ ਕਾਰਵਾਈ ਕੀਤੀ ਗਈ ਪਰ ਇਸ ਦੇ ਬਾਵਜੂਦ ਅੱਜ ਜਦੋਂ ਇੱਕ ਮਸ਼ਹੂਰ ਫ਼ਿਲਮੀ ਕਲਾਕਾਰ ਨੇ ਦਰਬਾਰ ਸਾਹਿਬ ਮੱਥਾ ਟੇਕਿਆ ਤਾਂ ਉਸ ਦੀ ਵੀਡੀਓ ਅਤੇ ਤਸਵੀਰਾਂ ਸੋਸ਼ਲ ਮੀਡੀਆ ’ਤੇ ਜਨਤਕ ਕੀਤੀਆਂ ਗਈਆਂ। ਇਨ੍ਹਾਂ ਵਿੱਚ ਦਰਬਾਰ ਸਾਹਿਬ ਦੀਆਂ ਵੀ ਕੁਝ ਤਸਵੀਰਾਂ ਸ਼ਾਮਲ ਹਨ, ਜਿਥੇ ਫੋਟੋਗ੍ਰਾਫੀ ਦੀ ਮੁਕੰਮਲ ਤੌਰ ’ਤੇ ਪਾਬੰਦੀ ਹੈ। ਇਸ ਮਾਮਲੇ ਵਿੱਚ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਨੇ ਆਪਣਾ ਪੱਖ ਰੱਖਦਿਆਂ ਕਿਹਾ ਕਿ ਸ਼ਰਧਾਲੂਆਂ ਨੂੰ ਅਜਿਹਾ ਕਰਨ ਤੋਂ ਰੋਕਣ ਲਈ ਇੱਥੇ ਵੱਡੀਆਂ ਸਕਰੀਨਾਂ ’ਤੇ ਵੀ ਨਿਯਮਾਂ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸ਼ਰਧਾਲੂਆਂ ਨੂੰ ਗੁਰੂਘਰ ਦੀ ਮਰਿਆਦਾ ਨੂੰ ਧਿਆਨ ਵਿੱਚ ਰੱਖਦਿਆਂ ਆਪਣੇ ਆਪ ਹੀ ਅਜਿਹਾ ਕੁਝ ਨਹੀਂ ਕਰਨਾ ਚਾਹੀਦਾ, ਜਿਸ ਨਾਲ ਗੁਰੂਘਰ ਦੀ ਮਰਿਆਦਾ ਦੀ ਉਲੰਘਣਾ ਹੁੰਦੀ ਹੈ।ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਕਿਹਾ ਕਿ ਇਥੇ ਗੁਰੂਘਰ ਵਿੱਚ ਵੱਡੀ ਗਿਣਤੀ ਦੇਸ਼ ਵਿਦੇਸ਼ ਤੋਂ ਸ਼ਰਧਾਲੂ ਅਤੇ ਸੈਲਾਨੀ ਨਤਮਸਤਕ ਹੋਣ ਆਉਂਦੇ ਹਨ। ਉਹ ਯਾਦਗਾਰ ਵਜੋਂ ਇੱਥੇ ਆਪਣੀ ਤਸਵੀਰ ਵੀ ਖਿਚਵਾਉਂਦੇ ਹਨ ਪਰ ਕੁਝ ਲੋਕਾਂ ਵੱਲੋਂ ਇਸ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ ਜੋ ਕਿ ਦੁੱਖ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਘਟਨਾਵਾਂ ਸ਼੍ਰੋਮਣੀ ਕਮੇਟੀ ਨੂੰ ਮਜਬੂਰ ਕਰ ਰਹੀਆਂ ਹਨ ਕਿ ਉਹ ਪਰਿਕਰਮਾ ਵਿੱਚ ਫੋਟੋਗ੍ਰਾਫੀ ਅਤੇ ਵੀਡੀਓਗ੍ਰਾਫੀ ਕਰਨ ’ਤੇ ਸਖ਼ਤੀ ਨਾਲ ਰੋਕ ਲਾਵੇ। ਇਸ ਸਬੰਧ ਵਿੱਚ ਪਰਿਕਰਮਾ ਦੇ ਅਮਲੇ ਨੂੰ ਸਖ਼ਤੀ ਵਰਤਣ ਲਈ ਆਖਿਆ ਗਿਆ ਹੈ। ਸ਼੍ਰੋਮਣੀ ਕਮੇਟੀ ਵੱਲੋਂ ਇਸ ਸਬੰਧੀ ਹੋਰ ਵੀ ਰਣਨੀਤੀ ਬਣਾਈ ਜਾਵੇਗੀ ।

 

Spread the love