ਸ੍ਰੀ ਅਕਾਲ ਤਖਤ ਸਾਹਿਬ ਤੋਂ ‘ਤਨਖ਼ਾਹੀਆ’ ਕਰਾਰ ਦਿੱਤੇ ਜਾਣ ਤੋਂ ਬਾਅਦ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਇੱਕ ਦਿਨ ਬਾਅਦ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚ ਕੇ ਨਤਮਸਤਕ ਹੋਏ।ਉਨ੍ਹਾਂ ਦੇ ਨਾਲ-ਨਾਲ ਅਕਾਲੀ ਸਰਕਾਰ ਸਮੇਂ ਕੈਬਨਿਟ ਮੰਤਰੀ ਰਹੇ ਕਈ ਸਿੱਖ ਆਗੂ ਵੀ ਹਾਜ਼ਰ ਹੋਏ।ਇਸ ਮੌਕੇ ਅਕਾਲੀ ਸਰਕਾਰ ਵੇਲੇ ਕੈਬਨਿਟ ਮੰਤਰੀ ਰਹੇ ਸ਼ਰਨਜੀਤ ਸਿੰਘ ਢਿੱਲੋਂ, ਦਲਜੀਤ ਸਿੰਘ ਚੀਮਾ, ਗੁਲਜ਼ਾਰ ਸਿੰਘ ਰਣੀਕੇ ਵੀ ਪਹੁੰਚੇ।ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਅਕਾਲੀ ਸਰਕਾਰ ਵੇਲੇ ਕੈਬਨਿਟ ਮੰਤਰੀ ਰਹੇ ਆਗੂਆਂ ਨੇ ਆਪਣਾ ਸਪੱਸ਼ਟੀਕਰਨ ਦਿੱਤਾ ਹੈ।ਅਕਾਲੀ ਦਲ ਦੇ ਆਗੂ ਦਲਜੀਤ ਸਿੰਘ ਚੀਮਾ ਨੇ ਆਪਣਾ ਸਪੱਸ਼ਟੀਕਰਨ ਵੀ ਮੀਡੀਆ ਨੂੰ ਪੜ੍ਹ ਕੇ ਸੁਣਾਇਆ।ਉਨ੍ਹਾਂ ਨੇ ਕਿਹਾ ਕਿ ਸਿੰਘ ਸਾਹਿਬ ਨੂੰ ਬੇਨਤੀ ਹੈ ਕਿ ਉਹ ਪੰਜ ਸਿੰਘ ਸਾਹਿਬਾਨਾਂ ਦੀ ਇਕੱਤਰਤਾ ਬੁਲਾ ਕੇ ਜਲਦੀ ਤੋਂ ਜਲਦੀ ਇਸ ਬਾਰੇ ਫ਼ੈਸਲਾ ਲੈਣ।ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸ਼ੁੱਕਰਵਾਰ ਨੂੰ ਸੁਖਬੀਰ ਬਾਦਲ ਨੂੰ ਤਨਖ਼ਾਹੀਆ ਕਰਾਰ ਦਿੰਦਿਆ ਕਿਹਾ ਸੀ ਜਦੋਂ ਤੱਕ ਉਹ ਨਿਮਾਣੇ ਸਿੱਖ ਵਾਂਗ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਹਾਜ਼ਰ ਨਹੀਂ ਹੁੰਦੇ ਤਾਂ ਓਨਾ ਚਿਰ ਉਨ੍ਹਾਂ ਨੂੰ ਅਕਾਲ ਤਖ਼ਤ ਸਾਹਿਬ ਤੋਂ ਤਨਖ਼ਾਹੀਆ ਐਲਾਨਿਆ ਜਾਂਦਾ ਹੈ।