ਲੋਕ ਸਭਾ ਚੋਣਾਂ ਤੋਂ ਬਾਅਦ ਡਿੱਗ ਜਾਵੇਗੀ ‘ਆਪ’ ਸਰਕਾਰ- ਚੰਨੀ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਜਲੰਧਰ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਚਰਨਜੀਤ ਸਿੰਘ ਚੰਨੀ ਨੇ ਅੱਜ ਇੱਥੇ ਕਾਂਗਰਸ ਭਵਨ ਵਿਖੇ ਪਾਰਟੀ ਦੇ ਆਗੂਆਂ ਤੇ ਵਰਕਰਾਂ ਨਾਲ ਮੀਟਿੰਗ ਕਰਨ ਉਪਰੰਤ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦਲ ਬਦਲੀ ਦੇਸ਼ ਦੀ ਜਮਹੂਰੀਅਤ ਲਈ ਜਿੱਥੇ ਇਕ ਸਰਾਪ ਹੈ, ਉੱਥੇ ਸਿਆਸੀ ਆਗੂਆਂ ਦੇ ਇਖਲਾਕ ‘ਤੇ ਵੀ ਇਕ ਬਦਨੁਮਾ ਦਾਗ ਹੈ । ਉਨ੍ਹਾਂ ਨੇ ਇਸ ਤੋਂ ਪਹਿਲਾਂ ਸ੍ਰੀ ਚਮਕੌਰ ਸਾਹਿਬ ਵਿਖੇ ਨਤਮਸਤਕ ਹੋਣ ਤੋਂ ਬਾਅਦ ਚੋਣ ਮੁਹਿੰਮ ਦੀ ਸ਼ੁਰੂਆਤ ਕੀਤੀ । ਉਨ੍ਹਾਂ ਸੂਬੇ ਦੀ ਸੱਤਾਧਾਰੀ ਆਮ ਆਦਮੀ ਪਾਰਟੀ ‘ਤੇ ਦਲ ਬਦਲੀ ਨੂੰ ਉਤਸ਼ਾਹਿਤ ਕਰਨ ਦੇ ਗੰਭੀਰ ਦੋਸ਼ ਲਗਾਉਂਦੇ ਹੋਏ ਕਿਹਾ ਕਿ ‘ਆਪ’ ਨੂੰ ਜਲੰਧਰ ਅਤੇ ਹੁਸ਼ਿਆਰਪੁਰ ਹਲਕੇ ਤੋਂ ਆਪਣੀ ਪਾਰਟੀ ਦਾ ਕੋਈ ਵੀ ਉਮੀਦਵਾਰ ਨਹੀਂ ਮਿਲਿਆ ਤੇ ਦੂਸਰੀਆਂ ਪਾਰਟੀਆਂ ਤੋਂ ਲਿਆ ਕੇ ਉਮੀਦਵਾਰ ਖੜ੍ਹੇ ਕਰਨੇ ਪਏ। ਉਨ੍ਹਾਂ ਵਾਰ-ਵਾਰ ਪਾਰਟੀਆਂ ਬਦਲਣ ਵਾਲੇ ਆਗੂਆਂ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਜਿਹੜਾ ਆਗੂ ਆਪਣੀ ਮਾਂ ਪਾਰਟੀ ਦਾ ਨਹੀਂ ਬਣਿਆ ਤੇ ਉਸ ਦੀ ਪਿੱਠ ‘ਚ ਛੁਰਾ ਮਾਰ ਸਕਦਾ ਹੈ ਤਾਂ ਉਸ ਕੋਲੋਂ ਸਮਾਜ ਦੇ ਭਲੇ ਦੀ ਆਸ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਪੰਜਾਬ ਦੇ ਸੁਹਿਰਦ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਵਾਰ-ਵਾਰ ਪਾਰਟੀਆਂ ਬਦਲਣ ਵਾਲੇ ਆਗੂਆਂ ਨੂੰ ਕਿਸੇ ਵੀ ਕੀਮਤ ‘ਤੇ ਮੂੰਹ ਨਾ ਲਾਉਣ । ਇਸ ਮੌਕੇ ਚੰਨੀ ਨੇ ਇਕ ਸਵਾਲ ਦੇ ਜਵਾਬ ਵਿਚ ਦਾਅਵਾ ਕੀਤਾ ਕਿ ਲੋਕ ਸਭਾ ਚੋਣਾਂ ਤੋਂ ਇਕ ਹਫਤੇ ਬਾਅਦ ਹੀ ਪੰਜਾਬ ਸਰਕਾਰ ਆਪਣੇ ਭਾਰ ਨਾਲ ਹੀ ਡਿੱਗ ਜਾਵੇਗੀ । ਇਸ ਮੌਕੇ ਉਨ੍ਹਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਜੇਲ੍ਹ ‘ਚ ਹੋ ਰਹੇ ਵਰਤਾਓ ਬਾਰੇ ਕਿਹਾ ਕਿ ਇਸ ਮਾਮਲੇ ‘ਚ ਭਗਵੰਤ ਮਾਨ ਸਰਕਾਰ ਵਲੋਂ ਦੋਹਰੇ ਮਾਪਦੰਡ ਅਪਣਾਏ ਜਾ ਰਹੇ ਹਨ, ਜੇਕਰ ਪੰਜਾਬ ‘ਚ ਕਿਸੇ ਸਾਬਕਾ ਮੁੱਖ ਮੰਤਰੀ ਨੂੰ ਵਿਜੀਲੈਂਸ ਵਲੋਂ ਵਾਰ-ਵਾਰ ਪ੍ਰੇਸ਼ਾਨ ਕੀਤਾ ਜਾਵੇ ਤਾਂ ਠੀਕ ਹੈ ਤੇ ਜੇਕਰ ਕੇਂਦਰ ਸਰਕਾਰ ਦਿੱਲੀ ਦੇ ਮੁੱਖ ਮੰਤਰੀ ਨਾਲ ਇਹੋ ਜਿਹਾ ਵਤੀਰਾ ਅਪਨਾਵੇ ਤਾਂ ਗਲਤ, ਪਰ ਇਸ ਤਰ੍ਹਾਂ ਨਹੀਂ ਚੱਲੇਗਾ ਤੇ ‘ਆਪ’ ਸਰਕਾਰ ਨੂੰ ਆਪਣੀਆਂ ਕੀਤੀਆਂ ਦਾ ਫਲ ਭੁਗਤਣਾ ਹੀ ਪਵੇਗਾ ।

Spread the love