ਅਮਰੀਕਾ ਦੀ ਇਕ ਅਦਾਲਤ ਨੇ ਭਾਰਤ ਦੀ ਸੱਭ ਤੋਂ ਵੱਡੀ ਆਈ.ਟੀ. ਕੰਪਨੀ ਟਾਟਾ ਕੰਸਲਟੈਂਸੀ ਸਰਵਿਸਿਜ਼ (TCS) ’ਤੇ ਭਾਰੀ ਜੁਰਮਾਨਾ ਲਗਾਇਆ ਹੈ। ਕੰਪਨੀ ਨੇ ਸ਼ੁਕਰਵਾਰ ਨੂੰ ਇਸ ਦੀ ਜਾਣਕਾਰੀ ਦਿਤੀ । ਟਾਟਾ ਗਰੁੱਪ ਦੀ ਆਈ.ਟੀ. ਕੰਪਨੀ ’ਤੇ ਟੈਕਸਾਸ ਦੇ ਉੱਤਰੀ ਜ਼ਿਲ੍ਹੇ ਦੀ ਜ਼ਿਲ੍ਹਾ ਅਦਾਲਤ ਨੇ 19.4 ਕਰੋੜ ਡਾਲਰ ਤੋਂ ਜ਼ਿਆਦਾ ਦਾ ਜੁਰਮਾਨਾ ਲਗਾਇਆ ਹੈ।ਸਟਾਕ ਐਕਸਚੇਂਜ ਨੂੰ ਦਿਤੀ ਜਾਣਕਾਰੀ ’ਚ ਕੰਪਨੀ ਨੇ ਕਿਹਾ, ‘‘… ਅਸੀਂ ਤੁਹਾਨੂੰ ਸੂਚਿਤ ਕਰਦੇ ਹਾਂ ਕਿ ਕੰਪਨੀ ਨੂੰ ਸੰਯੁਕਤ ਰਾਜ ਦੀ ਜ਼ਿਲ੍ਹਾ ਅਦਾਲਤ, ਉੱਤਰੀ ਜ਼ਿਲ੍ਹਾ ਟੈਕਸਾਸ, ਡੱਲਾਸ ਡਿਵੀਜ਼ਨ ਵਲੋਂ ਪਾਸ ਕੀਤਾ ਗਿਆ ਇਕ ਉਲਟ ਫੈਸਲਾ ਪ੍ਰਾਪਤ ਹੋਇਆ ਹੈ, ਜਿਸ ਦੇ ਵੇਰਵੇ ਅਪੈਂਡਿਕਸ ਏ ’ਚ ਨਿਰਧਾਰਤ ਕੀਤੇ ਗਏ ਹਨ। ਕੰਪਨੀ ਦਾ ਮੰਨਣਾ ਹੈ ਕਿ ਇਸ ਮਾਮਲੇ ਵਿਚ ਉਸ ਦੀਆਂ ਮਜ਼ਬੂਤ ਦਲੀਲਾਂ ਹਨ ਅਤੇ ਉਹ ਉਚਿਤ ਅਦਾਲਤ ਵਿਚ ਸਮੀਖਿਆ ਪਟੀਸ਼ਨ/ਅਪੀਲ ਰਾਹੀਂ ਅਪਣੀ ਸਥਿਤੀ ਦਾ ਬਚਾਅ ਕਰੇਗੀ।’’ਇਹ ਜੁਰਮਾਨਾ ਵਪਾਰਕ ਭੇਤਾਂ ਦੀ ਦੁਰਵਰਤੋਂ ਕਰਨ ਦੇ ਦੋਸ਼ ਕਾਰਨ ਲਗਾਇਆ ਗਿਆ ਹੈ। ਕੰਪਿਊਟਰ ਸਾਇੰਸਜ਼ ਕਾਰਪੋਰੇਸ਼ਨ (ਸੀ.ਐਸ.ਸੀ.) ਨੇ ਕੰਪਨੀ ਦੇ ਵਿਰੁਧ ਮੁਕੱਦਮਾ ਦਾਇਰ ਕੀਤਾ ਸੀ। ਸੀ.ਐੱਸ.ਐਕਸ. ਨੂੰ ਹੁਣ ਡੀ.ਐਕਸ.ਸੀ. ਤਕਨਾਲੋਜੀ ਕੰਪਨੀ ਵਜੋਂ ਜਾਣਿਆ ਜਾਂਦਾ ਹੈ। ਅਦਾਲਤ ਦੇ ਹੁਕਮਾਂ ਅਨੁਸਾਰ, ਕੰਪਨੀ 2016 ਦੇ ਰੈਜ਼ੀਡੈਂਡ ਟ੍ਰੇਡ ਸੀਕ੍ਰੇਟਸ ਐਕਟ (ਡੀ.ਟੀ.ਐਸ.ਏ.) ਦੇ ਤਹਿਤ ਵਪਾਰਕ ਭੇਤਾਂ ਦੀ ਦੁਰਵਰਤੋਂ ਲਈ ਜ਼ਿੰਮੇਵਾਰ ਹੈ। ਭਾਰਤੀ ਕਰੰਸੀ ’ਚ ਜੁਰਮਾਨੇ ਦੀ ਕੁਲ ਰਕਮ ਲਗਭਗ 1,622 ਕਰੋੜ ਰੁਪਏ ਹੈ।