ਦਰਬਾਰਾ ਸਿੰਘ ਗੁਰੂ ਦੀ ਨਿਯੁਕਤੀ ਅਕਾਲੀ ਦਲ ਨੇ ਕੀਤੀ ਰੱਦ

ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਦੇ ਸਲਾਹਕਾਰ ਵਜੋਂ ਦਰਬਾਰਾ ਸਿੰਘ ਗੁਰੂ ਦੀ ਨਿਯੁਕਤੀ ਨੂੰ ਲੈ ਕੇ ਵਿਵਾਦ ਛਿੜਣ ਬਾਅਦ ਅਕਾਲੀ ਦਲ ਨੇ ਇਸ ਨਿਯੁਕਤੀ ਨੂੰ ਵਾਪਸ ਲੈ ਲਿਆ ਹੈ। ਪਾਰਟੀ ਦੇ ਸੀਨੀਅਰ ਆਗੂ ਦਲਜੀਤ ਸਿੰਘ ਚੀਮਾ ਨੇ ਟਵੀਟ ਰਾਹੀਂ ਇਸ ਦੀ ਪੁਸ਼ਟੀ ਕੀਤੀ ਹੈ।ਅਮਰੀਕਾ ਤੋਂ 1986 ਦੇ ਨਕੋਦਰ ਪੁਲਿਸ ਗੋਲੀਬਾਰੀ ਮਾਮਲੇ ਨਾਲ ਸਬੰਧਤ ਇਕ ਪੀੜਤ ਸਿੱਖ ਨੇ ਅਕਾਲ ਤਖ਼ਤ ਉਪਰ ਸ਼ਿਕਾਇਤ ਭੇਜ ਕੇ ਇਤਰਾਜ਼ ਪ੍ਰਗਟ ਕੀਤਾ ਹੈ।ਜ਼ਿਕਰਯੋਗ ਹੈ ਕਿ 1986 ਵਿਚ ਗੁਰੂ ਗ੍ਰੰਥ ਸਾਹਿਬ ਦੇ ਬੇਅਦਬੀ ਵਿਰੁਧ ਮਾਰਚ ਦੌਰਾਨ ਨਕੋਦਰ ਵਿਖੇ ਚਾਰ ਸਿੱਖ ਨੌਜਵਾਨ ਪੁਲਿਸ ਗੋਲੀਬਾਰੀ ਵਿਚ ਮਾਰੇ ਗਏ ਸਨ। ਇਨ੍ਹਾਂ ਵਿਚੋਂ ਇਕ ਨੌਜਵਾਨ ਰਵਿੰਦਰ ਸਿੰਘ ਲਿਤਰਾਂ ਦੇ ਅਮਰੀਕਾ ਵਿਚ ਰਹਿੰਦੇ ਪਿਤਾ ਬਲਦੇਵ ਸਿੰਘ ਤੇ ਮਾਤਾ ਨੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਈ ਮੇਲ ਭੇਜ ਕੇ ਗੁਰੂ ਦੀ ਨਿਯੁਕਤੀ ’ਤੇ ਇਤਰਾਜ਼ ਪ੍ਰਗਟ ਕੀਤਾ ਹੈ।ਉਨ੍ਹਾਂ ਕਿਹਾ ਕਿ ਨਕੋਦਰ ਕਾਂਡ ਸਮੇਂ ਗੁਰੂ ਨਕੋਦਰ ਵਿਖੇ ਜ਼ਿਲ੍ਹੇ ਦੇ ਏ. ਡੀ ਸੀ ਹੁੰਦੇ ਹੋਏ ਡਿਊਟੀ ਮੈਜਿਸਟਰੇਟ ਸਨ। ਉਸ ਸਮੇਂ ਐਸ ਐਸ ਪੀ ਇਜ਼ਹਾਰ ਆਲਮ ਸਨ। ਉਨ੍ਹਾਂ ਕਿਹਾ ਕਿ ਤਿੰਨ ਜਾਂਚ ਰਿਪੋਰਟਾਂ ਵਿਚ ਗੋਲੀ ਕਾਂਡ ਲਈ ਇਨ੍ਹਾਂ ਨੂੰ ਦੋਸ਼ੀ ਠਹਿਰਾਇਆ ਗਿਆ ਹੈ। ਪੀੜਤ ਪ੍ਰਵਾਰ ਨੇ ਕਿਹਾ ਕਿ ਇਕ ਪਾਸੇ ਅਕਾਲ ਤਖ਼ਤ ਤੇ ਅਕਾਲੀ ਲੀਡਰਸ਼ਿਪ ਗੁਨਾਹਾਂ ਦੀ ਭੁੱਲ ਬਖ਼ਸ਼ਾ ਰਹੀ ਹੈ ਅਤੇ ਦੂਜੇ ਪਾਸੇ ਅਕਾਲੀ ਪ੍ਰਧਾਨ ਦਾ ਸਲਾਹਕਾਰ ਗੋਲੀ ਕਾਂਡ ਲਈ ਜ਼ਿੰਮੇਵਾਰ ਵਿਅਕਤੀ ਨੂੰ ਲਾ ਕੇ ਇਕ ਹੋਰ ਗ਼ੁਨਾਹ ਕੀਤਾ ਜਾ ਰਿਹਾ ਹੈ।

Spread the love