ਲੁਧਿਆਣਾ ਦੇ ਪਿੰਡ ਕਾਸਾਬਾਦ ਨੇੜੇ ਸਤਲੁਜ ਦਰਿਆ ’ਚ ਨਹਾਉਣ ਗਏ ਪੰਜ ਨੌਜਵਾਨ ਦਰਿਆ ’ਚ ਡੁੱਬ ਗਏ। ਇਨ੍ਹਾਂ ’ਚੋਂ ਦੋ ਨੌਜਵਾਨਾਂ ਦੀਆਂ ਲਾਸ਼ਾਂ ਮਿਲ ਗਈਆਂ ਹਨ, ਜਦੋਂ ਕਿ ਤਿੰਨ ਹੋਰਾਂ ਦੀ ਭਾਲ ਜਾਰੀ ਹੈ। ਇਨ੍ਹਾਂ ਤਿੰਨਾਂ ਨੂੰ ਲੱਭਣ ਲਈ ਦੂਸਰੇ ਦਿਨ ਵੀ ਗੋਤਾਖੋਰਾਂ ਦੀਆਂ ਟੀਮਾਂ ਲੱਗੀਆਂ ਰਹੀਆਂ। ਗੋਤਾਖੋਰਾਂ ਦੇ ਨਾਲ ਪੁਲੀਸ, ਪ੍ਰਸ਼ਾਸਨ ਅਤੇ ਐੱਨਡੀਆਰਐੱਫ਼ ਦੀਆਂ ਟੀਮਾਂ ਵੀ ਕਿਸ਼ਤੀ ਰਾਹੀਂ ਪਾਣੀ ’ਚ ਤਿੰਨੋਂ ਨੌਜਵਾਨਾਂ ਦੀ ਭਾਲ ’ਚ ਲੱਗੀਆਂ ਰਹੀਆਂ। ਥਾਣਾ ਸਲੇਮ ਟਾਬਰੀ ਦੀ ਪੁਲੀਸ ਨੇ ਜਾਂਚ ਤੋਂ ਬਾਅਦ ਨਹਿਰ ’ਚੋਂ ਮਿਲੀਆਂ ਮੁਹੰਮਦ ਅਹਿਸਾਨ ਤੇ ਮਿਸਬੁਲ ਹੱਕ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਜਦੋਂ ਕਿ ਸ਼ਮੀ ਤੇ ਚਾਹਲੂ ਦੇ ਨਾਲ ਇੱਕ ਹੋਰ ਨੌਜਵਾਨ ਦੀ ਭਾਲ ਜਾਰੀ ਹੈ। ਇਹ ਨੌਜਵਾਨ ਵੱਖ-ਵੱਖ ਸਮੂਹਾਂ ਵਿੱਚ ਐਤਵਾਰ ਨੂੰ ਕਾਸਾਬਾਦ ਕੋਲ ਸਤਲੁਜ ਦਰਿਆ ਦੇ ਕੰਢੇ ਗਏ ਸਨ। ਦਰਿਆ ਵਿੱਚ ਨਹਾਉਣ ਦੌਰਾਨ ਇਹ ਸਾਰੇ ਡੂੰਘਾਈ ਵੱਲ ਚਲੇ ਗਏ, ਜਿੱਥੇ ਉਹ ਡੁੱਬ ਗਏ। ਇਸ ਦੌਰਾਨ ਸਮੀਰ ਤੇ ਸ਼ਹਿਬਾਦ ਨੂੰ ਪਾਣੀ ’ਚ ਡੁੱਬਦੇ ਹੋਏ ਉੱਥੇ ਮੌਜੂਦ ਲੋਕਾਂ ਨੇ ਦੇਖ ਲਿਆ ਤੇ ਕਿਸੇ ਤਰ੍ਹਾਂ ਬਾਹਰ ਕੱਢ ਲਿਆ, ਜਦੋਂ ਕਿ ਪੰਜ ਨੌਜਵਾਨ ਪਾਣੀ ਦੀ ਡੂੰਘਾਈ ’ਚ ਚਲੇ ਗਏ ਅਤੇ ਤੇਜ਼ ਵਹਾਅ ਕਾਰਨ ਡੁੱਬ ਗਏ। ਲੋਕਾਂ ਵੱਲੋਂ ਘਟਨਾ ਬਾਰੇ ਜਾਣਕਾਰੀ ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਤੇ ਪ੍ਰਸ਼ਾਸਨ ਨੂੰ ਦਿੱਤੀ ਗਈ। ਸੂਚਨਾ ਮਿਲਣ ਤੋਂ ਬਾਅਦ ਥਾਣਾ ਲਾਡੋਵਾਲ ਦੀ ਟੀਮ ਮੌਕੇ ’ਤੇ ਪੁੱਜੀ। ਪੁਲੀਸ ਨੇ ਗੋਤਾਖੋਰਾਂ ਦੀ ਮਦਦ ਨਾਲ ਨੌਜਵਾਨਾਂ ਦਾ ਪਤਾ ਲਾਉਣ ਦੀ ਕੋਸ਼ਿਸ਼ ਕੀਤੀ, ਪਰ ਕੁਝ ਪਤਾ ਨਹੀਂ ਲੱਗ ਸਕਿਆ।
