ਕੈਨੇਡਾ ਦੇ ਮਿਸੀਸਾਗਾ ਅਤੇ ਬਰੈਂਪਟਨ ਨੇ ਕਿਸੇ ਵੀ ਧਰਮ ਦੇ ਧਾਰਮਿਕ ਸਥਾਨ ਦੇ ਬਾਹਰ ਰੋਸ ਪ੍ਰਦਰਸ਼ਨ ਕਰਨ ਦੀ ਮਨਾਹੀ ਕਰ ਦਿੱਤੀ ਹੈ।ਇਹ ਕਦਮ ਬਰੈਂਪਟਨ ਦੇ ਹਿੰਦੂ ਸਭਾ ਮੰਦਰ ਦੇ ਬਾਹਰ ਦੋ ਪ੍ਰਦਰਸ਼ਨਕਾਰੀ ਗੁਟਾਂ ਦੇ ਵਿਚਕਾਰ ਫੈਲੀ ਹਿੰਸਾ ਦੇ ਮੱਦੇ ਨਜ਼ਰ ਚੁੱਕਿਆ ਗਿਆ ਹੈ।3 ਨਵੰਬਰ ਨੂੰ ਐਤਵਾਰ ਵਾਲੇ ਦਿਨ ਬਰੈਂਪਟਨ ਦੇ ਹਿੰਦੂ ਸਭਾ ਮੰਦਰ ਅੱਗੇ ਕੁਝ ਖਾਲਿਸਤਾਨ ਪੱਖੀ ਮੁਜ਼ਾਹਰਾ ਕਰ ਰਹੇ ਸਨ। ਇਸ ਦੌਰਾਨ ਮੰਦਰ ਦੀ ਪਾਰਕਿੰਗ ਲੌਟ ਵਿੱਚ ਹਿੰਦੂ ਭਾਈਚਾਰੇ ਨਾਲ ਸਬੰਧਤ ਲੋਕਾਂ ਨੇ ਵੀ ਨਾਅਰੇਬਾਜੀ ਕੀਤੀ, ਜੋ ਬਾਅਦ ਵਿੱਚ ਹਿੰਸਾ ਵਿੱਚ ਬਦਲ ਗਈ।ਖਾਲਿਸਤਾਨ ਪੱਖੀ ਕਾਰਕੁਨ ਮੰਦਰ ਵਿੱਚ ਪਹੁੰਚੇ ਬਜ਼ੁਰਗਾਂ ਨੂੰ ਲਾਈਫ਼ ਸਰਟੀਫਿਕੇਟ ਜਾਰੀ ਕਰਨ ਪਹੁੰਚੇ ਭਾਰਤੀ ਕੌਂਸਲੇਟ ਦੇ ਅਧਿਕਾਰੀਆਂ ਦੇ ਖਿਲਾਫ਼ ਮੁਜ਼ਾਹਰਾ ਕਰ ਰਹੇ ਸਨ।ਧਾਰਮਿਕ ਸਥਾਨਾਂ ਅੱਗੇ ਪ੍ਰਦਰਸ਼ਨ ਉਪਰ ਪਾਬੰਦੀ ਦੀ ਪਹਿਲ ਮਿਸੀਸਾਗਾ ਨੇ ਕੀਤੀ ਸੀ। ਸ਼ਹਿਰ ਦੀ ਕਾਊਂਸਲ ਨੇ ਕਾਊਂਸਲਰ ਵੱਲੋਂ ਲਿਆਂਦਾ ਗਿਆ ਮਤਾ ਆਮ ਸਹਿਮਤੀ ਨਾਲ ਪਾਸ ਕਰ ਦਿੱਤਾ।