ਥਾਈਲੈਂਡ ਦੀ ਕੋਰਟ ਨੇ ਪ੍ਰਧਾਨ ਮੰਤਰੀ ਸ਼੍ਰੇਆ ਥਾਵੀਸਿਨ ਨੂੰ ਨੈਤਿਕ ਕਦਰਾਂ ਕੀਮਤਾਂ ਦੀ ਉਲੰਘਣਾ ਲਈ ਅਹੁਦੇ ਤੋਂ ਹਟਾ ਦਿੱਤਾ ਹੈ। ਥਾਈ ਸਿਆਸਤ ਲਈ ਇਹ ਇਕ ਹੋਰ ਝਟਕਾ ਹੈ ਕਿ ਕਿਉਂਕਿ ਹਫ਼ਤਾ ਪਹਿਲਾਂ ਕੋਰਟ ਦੇ ਹੁਕਮਾਂ ’ਤੇ ਮੁੱਖ ਵਿਰੋਧੀ ਪਾਰਟੀ ਭੰਗ ਕਰ ਦਿੱਤੀ ਗਈ ਸੀ। ਸੰਵਿਧਾਨਕ ਅਦਾਲਤ ਨੇ ਸ਼੍ਰੇਆ ਨੂੰ ਇਕ ਕੈਬਨਿਟ ਮੈਂਬਰ ਦੀ ਨਿਯੁਕਤੀ ਬਾਰੇ ਦੋਸ਼ੀ ਠਹਿਰਾਇਆ, ਜਿਸ ਨੂੰ ਅਦਾਲਤ ਦੇ ਇਕ ਅਧਿਕਾਰੀ ਨੂੰ ਰਿਸ਼ਵਤ ਦੇਣ ਦੇ ਮਾਮਲੇ ਵਿਚ ਜੇਲ੍ਹ ਦੀ ਸਜ਼ਾ ਹੋਈ ਸੀ। ਕੋਰਟ ਨੇ 5:4 ਦੇ ਬਹੁਮਤ ਨਾਲ ਸ਼੍ਰੇਆ ਖਿਲਾਫ਼ ਫੈਸਲਾ ਦਿੱਤਾ। ਸੰਸਦ ਵੱਲੋਂ ਨਵੇਂ ਪ੍ਰਧਾਨ ਮੰਤਰੀ ਲਈ ਪ੍ਰਵਾਨਗੀ ਦਿੱਤੇ ਜਾਣ ਤੱਕ ਕੈਬਨਿਟ ਨਿਗਰਾਨ ਵਜੋਂ ਕੰਮ ਕਰਦੀ ਰਹੇਗੀ। ਉਂਜ ਪ੍ਰਧਾਨ ਮੰਤਰੀ ਦਾ ਅਹੁਦਾ ਭਰਨ ਲਈ ਸੰਸਦ ਕੋਲ ਖੁੱਲ੍ਹਾ ਸਮਾਂ ਹੈ। ਸ਼੍ਰੇਆ ਨੇ ਅਪਰੈਲ ਵਿਚ ਵਜ਼ਾਰਤੀ ਫੇਰਬਦਲ ਦੌਰਾਨ ਪਿਚਿਤ ਚੁਏਨਬਾਨ ਨੂੰ ਪ੍ਰਧਾਨ ਮੰਤਰੀ ਦਫ਼ਤਰ ਵਿਚ ਮੰਤਰੀ ਨਿਯੁਕਤ ਕੀਤਾ ਸੀ। ਪਿਚਿਤ 2008 ਵਿਚ ਅਦਾਲਤੀ ਹੱਤਕ ਤਹਿਤ ਛੇ ਮਹੀਨਿਆਂ ਦੀ ਸਜ਼ਾ ਕੱਟ ਚੁੱਕਾ ਹੈ। ਪਿਚਿਤ ਨੇ ਜੱਜ ਨੂੰ 20 ਲੱਖ ਬਾਤ (55000 ਅਮਰੀਕੀ ਡਾਲਰ) ਦੀ ਰਿਸ਼ਵਤ ਦੇਣ ਦੀ ਕੋਸ਼ਿਸ਼ ਕੀਤੀ ਸੀ।