ਘਟਨਾ ਵੇਲੇ ਰੈਸਤਰਾਂ ਦੇ ਬਾਹਰ ਇਕੱਠੇ ਬੈਠੇ ਸਨ ਦੋ ਪਰਿਵਾਰ,ਮ੍ਰਿਤਕਾਂ ਵਿਚ ਦੋ ਬੱਚੇ ਸ਼ਾਮਲ
ਮੈਲਬਰਨ, 20 ਸਤੰਬਰ – ਨੇੜਲੇ ਖੇਤਰੀ ਸ਼ਹਿਰ ਬੈਲਾਰਾਟ ਦੀ ਅਦਾਲਤ ਨੇ ਪਿਛਲੇ ਸਾਲ ਭਾਰਤੀ ਮੂਲ ਦੇ ਦੋ ਪਰਿਵਾਰਾਂ ਦੇ ਪੰਜ ਮੈਂਬਰਾਂ ‘ਤੇ ਕਾਰ ਚੜ੍ਹਾਉਣ ਦੇ ਮਾਮਲੇ ਵਿਚ ਕਾਰ ਦੇ ਚਾਲਕ ਨੂੰ ਅੱਜ ਬਰੀ ਕਰ ਦਿੱਤਾ। ਇਸ ਘਟਨਾ ਵਿਚ ਪੰਜ ਜਣਿਆਂ ਦੀ ਮੌਤ ਹੋ ਗਈ ਸੀ।ਵਿਕਟੋਰੀਆ ਵਿਚ ਪਿਛਲੇ ਸਾਲ ਨਵੰਬਰ ‘ਚ ਭਾਰਤੀ ਮੂਲ ਦੇ ਦੋ ਪਰਿਵਾਰ ਰੈਸਤਰਾਂ ਦੇ ਬਾਹਰ ਬੈਠੇ ਸਨ। ਇਸ ਦੌਰਾਨ ਡਰਾਈਵਰ ਵਿਲੀਅਮ ਸਵੈੱਲ (66) ਨੇ ਇਨ੍ਹਾਂ ਪਰਿਵਾਰਾਂ ‘ਤੇ ਕਾਰ ਚੜ੍ਹਾ ਦਿੱਤੀ ਸੀ। ਇਸ ਹਾਦਸੇ ਵਿਚ ਭਾਰਤੀ ਮੂਲ ਦੇ ਪੰਜ ਜਣਿਆਂ ਦੀ ਮੌਤ ਹੋ ਗਈ ਸੀ, ਜਿਨ੍ਹਾਂ ਵਿਚ ਦੋ ਬੱਚੇ ਵੀ ਸ਼ਾਮਲ ਸਨ। ਤਿੰਨ ਦਿਨਾਂ ਤੱਕ ਚੱਲੀ ਮਾਮਲੇ ਦੀ ਸੁਣਵਾਈ ‘ਚ ਬਚਾਅ ਪੱਖ ਇਹ ਸਾਬਿਤ ਕਰਨ ਵਿੱਚ ਸਫਲ ਰਿਹਾ ਕਿ ਹਾਦਸੇ ਵੇਲੇ ਕਥਿਤ ਮੁਲਜ਼ਮ ਦੀ ਬਲੱਡ ਸ਼ੂਗਰ ਅਚਾਨਕ ਇਕਦਮ ਘੱਟ ਗਈ ਸੀ, ਜਿਸ ਕਰਕੇ ਉਹ ਕਾਰ ਤੋਂ ਕੰਟਰੋਲ ਗੁਆ ਬੈਠਾ। ਘਟਨਾ ਮਗਰੋਂ ਪੁਲਿਸ ਨੇ ਕਥਿਤ ਦੋਸ਼ੀ ‘ਤੇ ਵੱਖ-ਵੱਖ ਧਾਰਾਵਾਂ ਤਹਿਤ 14 ਦੋਸ਼ ਆਇਦ ਕੀਤੇ ਸਨ ਪਰ ਬਚਾਅ ਪੱਖ ਦੀਆਂ ਦਲੀਲਾਂ ਤੇ ਪੇਸ਼ ਕੀਤੇ ਗਏ ਸਬੂਤਾਂ ਦੇ ਆਧਾਰ ‘ਤੇ ਜੱਜ ਨੇ ਕਥਿਤ ਦੋਸ਼ੀ ਨੂੰ ਸਾਰੇ ਦੋਸ਼ਾਂ ਤੋ ਬਰੀ ਕਰ ਦਿੱਤਾ। ਸੁਣਵਾਈ ਦੌਰਾਨ ਜੱਜ ਨੇ ਕਿਹਾ ਕਿ ਘਟਨਾ ਦੇ ਸਮੇਂ ਕਥਿਤ ਦੋਸ਼ੀ ਦੀ ਹਾਲਤ ਖੁਦ ਦੇ ਵੱਸੋਂ ਬਾਹਰ ਹੋ ਗਈ ਸੀ। ਇਸ ਹਾਦਸੇ ਵਿੱਚ ਪ੍ਰਤਿਭਾ ਸ਼ਰਮਾ (44), ਉਸ ਦੀ ਧੀ ਅਨਵੀ (9) ਤੇ ਪਤੀ ਜਤਿਨ ਕੁਮਾਰ 30 ਦੀ ਮੌਤ ਹੋ ਗਈ ਸੀ। ਇਸੇ ਤਰ੍ਹਾਂ ਦੂਜੇ ਪਰਿਵਾਰ ਦੇ ਵਿਵੇਕ ਭਾਟੀਆ (38) ਤੇ ਉਸ ਦੇ ਪੁੱਤਰ ਵਿਹਾਨ (11) ਦੀ ਵੀ ਮੌਤ ਹੋ ਗਈ ਸੀ, ਜਦਕਿ ਹੋਰ ਪਰਿਵਾਰਕ ਮੈਂਬਰ ਤੇ ਛੋਟਾ ਬੱਚਾ ਗੰਭੀਰ ਜ਼ਖ਼ਮੀ ਹੋ ਗਏ ਸਨ।