ਚੋਣ ਕਮਿਸ਼ਨ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਦੀ ਦਿੱਲੀ ਰਿਹਾਇਸ਼ ਦੀ ਤਲਾਸ਼ੀ

ਆਮ ਆਦਮੀ ਪਾਰਟੀ (ਆਪ) ਨੇ ਅੱਜ ਦਾਅਵਾ ਕੀਤਾ ਕਿ ਚੋਣ ਕਮਿਸ਼ਨ ਅਤੇ ਦਿੱਲੀ ਪੁਲੀਸ ਦੇ ਅਧਿਕਾਰੀਆਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਦਿੱਲੀ ਵਿਚ ਕਪੂਰਥਲਾ ਹਾਊਸ ਸਥਿਤ ਰਿਹਾਇਸ਼ ਦੀ ਤਲਾਸ਼ੀ ਲਈ ਹੈ। ਪਾਰਟੀ ਨੇ ਇਸ ਸਬੰਧੀ ਮੀਡੀਆ ਰਿਪੋਰਟਾਂ ਦੇ ਹਵਾਲੇ ਨਾਲ ਸੋਸ਼ਲ ਮੀਡੀਆ ਪਲੈਟਫਾਰਮ ਐਕਸ ਉਤੇ ਪੋਸਟ ਵੀ ਸਾਂਝੀ ਕੀਤੀ ਹੈ। ਉਂਝ ਰਿਪੋਰਟਾਂ ਮੁਤਾਬਕ ਟੀਮ ਨੂੰ ਪਹਿਲਾਂ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ। ਇਕ ਦਿਨ ਪਹਿਲਾਂ ਕਪੂਰਥਲਾ ਹਾਊਸ ਦੇ ਬਾਹਰ ਪੰਜਾਬ ਸਰਕਾਰ ਦੇ ਸਟਿੱਕਰ ਅਤੇ ਸੂਬੇ ਦੀ ਰਜਿਸਟਰੇਸ਼ਨ ਨੰਬਰ ਵਾਲੇ ਪ੍ਰਾਈਵੇਟ ਵਾਹਨ ’ਚੋਂ ਨਕਦੀ ਤੇ ਹੋਰ ਸਾਮਾਨ ਬਰਾਮਦ ਕੀਤਾ ਗਿਆ ਸੀ ਜਿਸ ਮਗਰੋਂ ਚੋਣ ਕਮਿਸ਼ਨ ਨੇ ਕਾਰਵਾਈ ਕੀਤੀ ਹੈ। ‘ਆਪ’ ਨੇ ਹਿੰਦੀ ਵਿਚ ਕੀਤੇ ਸੋਸ਼ਲ ਮੀਡੀਆ ਐਕਸ ’ਤੇ ਦਾਅਵਾ ਕੀਤਾ ਹੈ ਕਿ ਭਾਜਪਾ ਦਿੱਲੀ ਵਿਧਾਨ ਸਭਾ ਚੋਣਾਂ ਵਿਚ ਆਪਣੀ ਹਾਰ ਦੇਖ ਕੇ ਕੰਬ ਗਈ ਹੈ, ਜਿਸ ਕਾਰਨ ਭਾਜਪਾ ਦੀ ਦਿੱਲੀ ਪੁਲੀਸ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਦਿੱਲੀ ਵਿਚਲੇ ਘਰ ਛਾਪਾ ਮਾਰਨ ਪਹੁੰਚ ਗਈ ਹੈ। ਦਿੱਲੀ ਦੀ ਮੁੱਖ ਮੰਤਰੀ ਆਤਿਸ਼ੀ ਨੇ ਐਕਸ ’ਤੇ ਚੋਣ ਕਮਿਸ਼ਨ ਅਤੇ ਦਿੱਲੀ ਪੁਲੀਸ ’ਤੇ ਵਿਤਕਰੇਬਾਜ਼ੀ ਦੇ ਦੋਸ਼ ਲਾਉਂਦਿਆ ਕਿਹਾ ਗਿਆ ਹੈ, ‘‘ਭਾਜਪਾ ਵਾਲੇ ਦਿਨ-ਦਿਹਾੜੇ ਪੈਸੇ, ਜੁੱਤੀਆਂ ਅਤੇ ਚਾਦਰਾਂ ਵੰਡ ਰਹੇ ਹਨ, ਪਰ ਪੁਲੀਸ ਅਤੇ ਚੋਣ ਕਮਿਸ਼ਨ ਦੀਆਂ ਅੱਖਾਂ ਉਤੇ ਭਾਜਪਾਈ ਪੱਟੀ ਬੱਝੀ ਹੋਈ ਹੈ।’’ ਉਨ੍ਹਾਂ ਕਿਹਾ ਕਿ ਦਿੱਲੀ ਦੇ ਲੋਕ ਭਾਜਪਾ ਨੂੰ 5 ਫਰਵਰੀ ਨੂੰ ਮੂੰਹ ਤੋੜਵਾਂ ਜਵਾਬ ਦੇਣਗੇ। ‘ਆਪ’ ਨੇ ਵੀਡੀਓ ਵੀ ਪਾਇਆ ਹੈ ਜਿਸ ’ਚ ਦਾਅਵਾ ਕੀਤਾ ਗਿਆ ਹੈ ਕਿ ਭਾਜਪਾ ਉਮੀਦਵਾਰ ਦੇ ਦਫ਼ਤਰ ਵਿੱਚ ਵੋਟਾਂ ਖਰੀਦਣ ਲਈ ਖੁੱਲ੍ਹੇਆਮ ਲੱਖਾਂ ਰੁਪਏ ਗਿਣੇ ਜਾ ਰਹੇ ਹਨ। ‘ਆਪ’ ਨੇ ਪੁਲੀਸ ਅਤੇ ਚੋਣ ਕਮਿਸ਼ਨ ਨੂੰ ਚੁਣੌਤੀ ਦਿੱਤੀ ਹੈ ਕਿ ਜੇ ਉਨ੍ਹਾਂ ਵਿੱਚ ਹਿੰਮਤ ਹੈ ਤਾਂ ਉਹ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਘਰ ਛਾਪਾ ਮਾਰ ਕੇ ਦਿਖਾਉਣ। ਉਧਰ ਡੀਸੀਪੀ (ਨਵੀਂ ਦਿੱਲੀ) ਦੇਵੇਸ਼ ਕੁਮਾਰ ਮਾਹਲਾ ਨੇ ਦੱਸਿਆ ਕਿ ਰਿਟਰਨਿੰਗ ਅਫ਼ਸਰ ਦੀ ਸ਼ਿਕਾਇਤ ’ਤੇ ਉੱਡਣ ਦਸਤੇ ਦੀ ਟੀਮ ਜਾਂਚ ਲਈ ਕਪੂਰਥਲਾ ਹਾਊਸ ਗਈ ਸੀ। ਸੂਤਰਾਂ ਮੁਤਾਬਕ ਰਿਟਰਨਿੰਗ ਅਫ਼ਸਰ ਨੂੰ ਸੀਵਿਜਿਲ ਐਪ ਰਾਹੀਂ ਸ਼ਿਕਾਇਤ ਮਿਲੀ ਸੀ ਕਿ ਕਪੂਰਥਲਾ ਹਾਊਸ ’ਚੋਂ ਕਥਿਤ ਤੌਰ ’ਤੇ ਨਕਦੀ ਵੰਡੀ ਜਾ ਰਹੀ ਹੈ। ਰਿਟਰਨਿੰਗ ਅਫ਼ਸਰ ਓਪੀ ਪਾਂਡੇ ਨੇ ਕਿਹਾ, ‘‘ਸਾਨੂੰ ਪੈਸੇ ਵੰਡਣ ਦੀ ਸ਼ਿਕਾਇਤ ਮਿਲੀ ਸੀ ਅਤੇ ਅਸੀਂ 100 ਮਿੰਟਾਂ ਵਿੱਚ ਸ਼ਿਕਾਇਤ ਦਾ ਨਿਪਟਾਰਾ ਕਰਨਾ ਹੁੰਦਾ ਹੈ ਜਿਸ ਕਾਰਨ ਫਲਾਇੰਗ ਸਕੁਐਡ ਟੀਮ ਇੱਥੇ ਆਈ ਸੀ ਜਿਸ ਨੂੰ ਪਹਿਲਾਂ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ।’’ ਟੀਮ ਨੇ ਕਿਹਾ ਕਿ ਬਾਅਦ ਵਿੱਚ ਉਨ੍ਹਾਂ ਨੂੰ ਰਿਹਾਇਸ਼ ਦੇ ਅੰਦਰ ਜਾਣ ਦੀ ਇਜਾਜ਼ਤ ਦਿੱਤੀ ਗਈ ਪਰ ਸਾਰੇ ਕਮਰੇ ਬੰਦ ਸਨ ਅਤੇ ਉਹ ਜਾਂਚ ਪੂਰੀ ਕੀਤੇ ਬਿਨਾਂ ਚਲੇ ਗਏ।

Spread the love