ਭਾਰਤ : ਨੌਜਵਾਨਾਂ ਨੂੰ ਰੂਸ-ਯੂਕਰੇਨ ਜੰਗ ’ਚ ਧੱਕਣ ਵਾਲੇ ਗਰੋਹ ਦਾ ਪਰਦਾਫਾਸ਼

ਸੀਬੀਆਈ ਨੇ ਮਨੁੱਖੀ ਤਸਕਰੀ ਨਾਲ ਜੁੜੇ ਵੱਡੇ ਨੈੱਟਵਰਕ ਦਾ ਪਰਦਾਫਾਸ਼ ਕੀਤਾ ਹੈ। ਅਧਿਕਾਰੀਆਂ ਨੇ ਕਿਹਾ ਕਿ ਇਸ ਨੈੱਟਵਰਕ ਦੀ ਆੜ ਵਿਚ ਭਾਰਤੀ ਨਾਗਰਿਕਾਂ ਨੂੰ ਵਿਦੇਸ਼ ਵਿਚ ਚੰਗੀਆਂ ਨੌਕਰੀਆਂ ਦਾ ਲਾਲਚ ਦੇ ਕੇ ਰੂਸ-ਯੂਕਰੇਨ ਜੰਗ ਵਿਚ ਧੱਕਿਆ ਜਾ ਰਿਹਾ ਸੀ। ਅਧਿਕਾਰੀਆਂ ਮੁਤਾਬਕ ਏਜੰਸੀ ਵੱਲੋਂ ਸੱਤ ਸ਼ਹਿਰਾਂ ਵਿਚਲੇ ਦਸ ਤੋਂ ਵੱਧ ਟਿਕਾਣਿਆਂ ’ਤੇ ਛਾਪੇ ਮਾਰੇ ਗਏ ਹਨ। ਅਧਿਕਾਰੀਆਂ ਨੇ ਕਿਹਾ ਕਿ ਏਜੰਸੀ ਨੇ ਕਈ ਵੀਜ਼ਾ ਕੰਸਲਟੈਂਸੀ ਫਰਮਾਂ ਤੇ ਏਜੰਟਾਂ ਖਿਲਾਫ਼ ਐੱਫਆਈਆਰ ਦਰਜ ਕੀਤੀ ਹੈ। ਛਾਪਿਆਂ ਦੌਰਾਨ ਕਈ ਵਿਅਕਤੀਆਂ ਨੂੰ ਹਿਰਾਸਤ ਵਿਚ ਲੈਣ ਤੋਂ ਇਲਾਵਾ 50 ਲੱਖ ਰੁਪਏ ਦੀ ਨਗ਼ਦੀ ਜ਼ਬਤ ਕੀਤੀ ਗਈ ਹੈ। ਨੌਕਰੀ ਦੇ ਬਹਾਨੇ ਰੂਸੀ ਫੌਜ ਵਿਚ ਸ਼ਾਮਲ ਕੀਤੇ ਭਾਰਤੀ ਨਾਗਰਿਕ ਮੁਹੰਮਦ ਅਫ਼ਸਾਨ ਦੀ ਪਿਛਲੇ ਦਿਨੀਂ ਯੂਕਰੇਨ ਖਿਲਾਫ਼ ਜੰਗ ਦੌਰਾਨ ਮੌਤ ਹੋ ਗਈ ਸੀ। ਉਧਰ ਪੰਜਾਬ ਦੇ ਦੀਨਾਨਗਰ ਦੇ ਪਿੰਡ ਅਵਾਂਖਾ ਵਾਸੀ ਨਵਦੀਪ ਕੌਰ ਨੇ ਵੀ ਦਾਅਵਾ ਕੀਤਾ ਸੀ ਕਿ ਉਸ ਦਾ ਭਰਾ ਰਵਨੀਤ ਸਿੰਘ ਚਾਰ ਮਹੀਨੇ ਪਹਿਲਾਂ ਇਕ ਏਜੰਟ ਰਾਹੀਂ ਸੈਲਾਨੀ ਵੀਜ਼ੇ ’ਤੇ ਰੂਸ ਗਿਆ ਸੀ, ਜਿੱਥੇ ਉਨ੍ਹਾਂ ਨੂੰ ਯੂਕਰੇਨ ਨਾਲ ਜੰਗ ਲਈ ਜਬਰੀ ਰੂਸੀ ਫੌਜ ਵਿਚ ਸ਼ਾਮਲ ਕਰ ਲਿਆ ਗਿਆ। ਇਸ ਦੌਰਾਨ ਐੱਕਸ ’ਤੇ ਵਾਇਰਲ ਇਕ ਵੀਡੀਓ ਵਿਚ ਪੰਜਾਬ ਤੇ ਹਰਿਆਣਾ ਨਾਲ ਸਬੰਧਤ ਸੱਤ ਨੌਜਵਾਨਾਂ ਨੇ ਦਾਅਵਾ ਕੀਤਾ ਹੈ ਕਿ ਉਹ ਨਵੇਂ ਸਾਲ ਦੇ ਜਸ਼ਨ ਮਨਾਉਣ ਲਈ ਰੂਸ ਗਏ ਸਨ, ਪਰ ਉਨ੍ਹਾਂ ਨੂੰ ਯੂਕਰੇਨ ਖਿਲਾਫ਼ ਜੰਗ ਦੇ ਮੈਦਾਨ ਵਿਚ ਧੱਕ ਦਿੱਤਾ ਗਿਆ। ਇਨ੍ਹਾਂ ਸੱਤ ਭਾਰਤੀਆਂ ਵਿਚ ਗਗਨਦੀਪ ਸਿੰਘ(24), ਲਵਪ੍ਰੀਤ ਸਿੰਘ (24), ਨਰੈਣ ਸਿੰਘ (22), ਗੁਰਪ੍ਰੀਤ ਸਿੰਘ (21), ਗੁਰਪ੍ਰੀਤ ਸਿੰਘ (23), ਹਰਸ਼ ਕੁਮਾਰ (23) ਅਤੇ ਅਭਿਸ਼ੇਕ ਕੁਮਾਰ (21) ਸ਼ਾਮਲ ਸਨ। ਇਨ੍ਹਾਂ ਵਿਚੋਂ ਪੰਜ ਨੌਜਵਾਨਾਂ ਨੇ ਪੰਜਾਬ ਤੇ ਦੋ ਨੇ ਹਰਿਆਣਾ ਨਾਲ ਸਬੰਧਤ ਹੋਣ ਦਾ ਦਾਅਵਾ ਕੀਤਾ ਹੈ।

Spread the love