ਬਲਵੰਤ ਸਿੰਘ ਮੁਲਤਾਨੀ ਕਤਲ ਕੇਸ ਵਿਚ ਫਸੇ ਸਾਬਕਾ ਡੀਜੀਪੀ ਸੁਮੇਧ ਸੈਣੀ ਵਿਰੁਧ ਚਲ ਰਹੇ ਕੇਸ ਵਿਚ ਹਾਈ ਕੋਰਟ ਨੇ ਦੋਸ਼ ਆਇਦ ਕਰਨ ’ਤੇ ਰੋਕ ਲਗਾ ਦਿਤੀ ਹੈ। ਸੈਣੀ ਨੇ ਐਫ਼ਆਈਆਰ ਰੱਦ ਕਰਨ ਦੀ ਮੰਗ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਪਟੀਸ਼ਨ ਦਾਖ਼ਲ ਕੀਤੀ ਹੈ। ਇਸ ਮਾਮਲੇ ਵਿਚ ਪੰਜਾਬ ਸਰਕਾਰ ਨੇ ਜਵਾਬ ਲਈ ਸਮਾਂ ਮੰਗ ਲਿਆ ਜਿਸ ’ਤੇ ਹਾਈ ਕੋਰਟ ਨੇ 30 ਨਵੰਬਰ ਤਕ ਜਵਾਬ ਦਾਖ਼ਲ ਕਰਨ ਦਾ ਸਮਾਂ ਦਿਤਾ ਹੈ ਤੇ ਨਾਲ ਹੀ ਦੋਸ਼ ਆਇਦ ਕਰਨ ’ਤੇ ਰੋਕ ਲਗਾ ਦਿਤੀ ਹੈ। ਸੈਣੀ ਨੂੰ ਅਗਲੀ ਸੁਣਵਾਈ ਤਕ ਹੇਠਲੀ ਅਦਾਲਤ ਵਿਚ ਨਿਜੀ ਪੇਸ਼ੀ ਤੋਂ ਛੋਟ ਵੀ ਦੇ ਦਿਤੀ ਹੈ।ਮੁਲਤਾਨੀ ਪ੍ਰਵਾਰ ਦੇ ਵਕੀਲ ਨੇ ਇਸ ਮਾਮਲੇ ਵਿਚ ਪੇਸ਼ ਹੋ ਕੇ ਕਿਹਾ ਕਿ ਸੈਣੀ ਨੂੰ ਸੁਪਰੀਮ ਕੋਰਟ ਨੇ ਹੇਠਲੀ ਅਦਾਲਤ ਵਿਚ ਚਲਾਨ ਨੂੰ ਚੁਨੌਤੀ ਦੇਣ ਦੀ ਛੋਟ ਦਿਤੀ ਹੈ ਤੇ ਸੈਣੀ ਵਲੋਂ ਐਫ਼ਆਈਆਰ ਰੱਦ ਕਰਨ ਲਈ ਮੰਗ ਕਰਨਾ ਗ਼ਲਤ ਹੈ ਪਰ ਬੈਂਚ ਨੇ ਕਿਹਾ ਕਿ ਮੁਲਤਾਨੀ ਪ੍ਰਵਾਰ ਅਜੇ ਮੌਜੂਦਾ ਪਟੀਸ਼ਨ ਦੀ ਵਿਰੋਧਤਾ ਨਹੀਂ ਕਰ ਸਕਦਾ।