ਬਿਸ਼ਨੋਈ ਦੀ ਇੰਟਰਵਿਊ ‘ਤੇ ਹਾਈ ਕੋਰਟ ਨੇ ਪੰਜਾਬ ਸਰਕਾਰ ਤੋਂ ਮੰਗੀ ਸਥਿਤੀ ਰਿਪੋਰਟ

ਸਿੱਧੂ ਮੂਸੇਵਾਲਾ ਹੱਤਿਆ ਮਾਮਲੇ ਦੇ ਮੁੱਖ ਸਾਜ਼ਿਸ਼ਘਾੜੇ ਤੇ ਜੇਲ੍ਹ ‘ਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਮਾਮਲੇ ਤੇ ਹਾਈਕੋਰਟ ਨੇ ਪੰਜਾਬ ਸਰਕਾਰ ਤੋਂ ਇਹ ਜਵਾਬ ਮੰਗ ਲਿਆ ਹੈ ਕਿ ਵਿਸ਼ੇਸ਼ ਜਾਂਚ ਟੀਮ (ਸਿੱਟ) ਨੇ ਇਸ ਮਾਮਲੇ ‘ਚ ਕੀ ਕਾਰਵਾਈ ਕੀਤੀ ਹੈ? ਦੀ ਰਿਪੋਰਟ ਦਾਖ਼ਲ ਕੀਤੀ ਜਾਵੇ | ਡਿਵੀਜ਼ਨ ਬੈਂਚ ਨੇ ਸਵੈ-ਨੋਟਿਸ ਲੈਂਦਿਆਂ ਇਸ ਕੇਸ ਦੀ ਸੁਣਵਾਈ ਸ਼ੁਰੂ ਕਰ ਦਿੱਤੀ ਹੈ | ਇਕ ਟੀਵੀ ਨਿਊਜ਼ ਚੈਨਲ ‘ਤੇ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ‘ਤੇ ਚਿੰਤਾ ਪ੍ਰਗਟ ਕਰਦੇ ਹੋਏ ਹਾਈ ਕੋਰਟ ਨੇ ਏ.ਡੀ.ਜੀ.ਪੀ. (ਜੇਲ੍ਹਾਂ) ਪੰਜਾਬ ਨੂੰ ਕਾਰਵਾਈ ‘ਚ ਦੇਰੀ ਬਾਰੇ ਦੱਸਣ ਸੰਬੰਧੀ ਸਥਿਤੀ ਰਿਪੋਰਟ ਪੇਸ਼ ਕਰਨ ਲਈ ਕਿਹਾ ਹੈ | ਹਾਈ ਕੋਰਟ ਨੇ ਕਿਹਾ ਕਿ ਇਹ ਗੰਭੀਰ ਚਿੰਤਾ ਦਾ ਵਿਸ਼ਾ ਹੈ ਕਿ ਪੁਲਿਸ ਜਾਂ ਨਿਆਇਕ ਹਿਰਾਸਤ ਵਿਚ ਕਿਸੇ ਸ਼ੱਕੀ ਨੂੰ ਲੰਬੇ ਸਮੇਂ ਤੱਕ ਇੰਟਰਵਿਊ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ, ਜਿਨ੍ਹਾਂ ਅਧਿਕਾਰੀਆਂ ਨੇ ਇੰਟਰਵਿਊ ਦੀ ਇਜਾਜ਼ਤ ਦਿੱਤੀ ਜਾਂ ਇਹ ਸਹੂਲਤ ਪ੍ਰਦਾਨ ਕੀਤੀ, ਉਨ੍ਹਾਂ ਦੀ ਜਲਦੀ ਪਛਾਣ ਕਰਕੇ ਕਾਰਵਾਈ ਕਰਨ ਦੀ ਜ਼ਰੂਰਤ ਹੈ | ਇਸ ਘਟਨਾ ਦੀ ਜਾਂਚ ਲਈ ਮਾਰਚ ਵਿਚ ਇਕ ਜਾਂਚ ਕਮੇਟੀ ਬਣਾਈ ਗਈ ਸੀ | ਸੱਤ ਮਹੀਨੇ ਬੀਤ ਜਾਣ ਦੇ ਬਾਅਦ ਵੀ ਜਾਂਚ ਮੁਕੰਮਲ ਨਹੀਂ ਹੋਈ | ਅਦਾਲਤ ਨੇ ਕਿਹਾ ਕਿ ਏ.ਡੀ.ਜੀ.ਪੀ. (ਜੇਲ੍ਹ) ਨੂੰ ਹਲਫ਼ਨਾਮਾ ਦਾਇਰ ਕਰਨਾ ਹੋਵੇਗਾ ਕਿ ਜਾਂਚ ਕਮੇਟੀ ਨੇ ਰਿਪੋਰਟ ਪੇਸ਼ ਕਰਨ ਵਿਚ ਇੰਨਾ ਸਮਾਂ ਕਿਉਂ ਲਗਾਇਆ | ਅਦਾਲਤ ਨੇ ਇਸ ਮਾਮਲੇ ਵਿਚ ਅਦਾਲਤ ਦੀ ਸਹਾਇਤਾ ਲਈ ਵਕੀਲ ਤਨੂ ਬੇਦੀ ਨੂੰ ਵੀ ਐਮਿਕਸ ਕਿਊਰੀ ਨਿਯੁਕਤ ਕੀਤਾ ਹੈ | ਹਾਈ ਕੋਰਟ ਦੇ ਜਸਟਿਸ ਅਨੂਪਿੰਦਰ ਸਿੰਘ ਗਰੇਵਾਲ ਅਤੇ ਜਸਟਿਸ ਕੀਰਤੀ ਸਿੰਘ ਦੇ ਡਿਵੀਜ਼ਨ ਬੈਂਚ ਨੇ ਇਸ ਮੁੱਦੇ ‘ਤੇ ਸੁਣਵਾਈ ਕਰਦਿਆਂ ਇਹ ਹੁਕਮ ਦਿੱਤੇ ਹਨ | ਮਾਮਲੇ ਦੀ ਅਗਲੀ ਸੁਣਵਾਈ 28 ਨਵੰਬਰ ਤੱਕ ਮੁਲਤਵੀ ਕਰ ਦਿੱਤੀ ਗਈ ਹੈ | ਮਰਹੂਮ ਗਾਇਕ ਦੇ ਪਿਤਾ ਬਲਕੌਰ ਸਿੰਘ ਸਿੱਧੂ ਉਦੋਂ ਤੋਂ ਇਹ ਮੰਗ ਕਰਦੇ ਆ ਰਹੇ ਹਨ ਕਿ ਇਹ ਸਾਹਮਣੇ ਲਿਆਂਦਾ ਜਾਵੇ ਕਿ ਮੇਰੇ ਪੁੱਤ ਦੀ ਹੱਤਿਆ ‘ਚ ਮੁੱਖ ਭੂਮਿਕਾ ਨਿਭਾਉਣ ਵਾਲੇ ਅਪਰਾਧੀ ਦੀ ਇੰਟਰਵਿਊ ਕਿਸ ਜੇਲ੍ਹ ‘ਚ ਹੋਈ ਹੈ ਅਤੇ ਸਰਕਾਰ ਨੇ ਕੀ ਕਾਰਵਾਈ ਕਰ ਰਹੀ ਹੈ | ਉਹ ਸਿੱਟ ‘ਤੇ ਸਵਾਲ ਉਠਾਉਣ ਦੇ ਨਾਲ ਹੀ ਇਹ ਵੀ ਮੰਗ ਕਰ ਰਹੇ ਸਨ ਕਿ ਵਿਸ਼ੇਸ਼ ਜਾਂਚ ਟੀਮ ਵਲੋਂ ਹੁਣ ਤੱਕ ਕੀਤੀ ਜਾਂਚ ਉਜਾਗਰ ਕੀਤੀ ਜਾਵੇ | ਹਾਈ ਕੋਰਟ ਵਲੋਂ ਨੋਟਿਸ ਲੈਣ ਤੋਂ ਬਾਅਦ ਮੂਸੇਵਾਲਾ ਦੇ ਪਿਤਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਦਾਲਤ ਦਾ ਧੰਨਵਾਦ ਕੀਤਾ |

Spread the love