ਪੰਜਾਬ-ਹਰਿਆਣਾ ਹਾਈਕੋਰਟ ਨੇ ਪੰਜਾਬ ਪੁਲਿਸ ਦੇ ਇੱਕ ਕਾਂਸਟੇਬਲ ਦੀ ਬਰਖਾਸਤਗੀ ਨੂੰ ਬਰਕਰਾਰ ਰੱਖਿਆ ਜਿਸ ਤੇ ਉਨ੍ਹਾਂ ਸਮਿਆਂ ‘ਚ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਤੋਂ ਦੋ ਪਿਸਤੌਲ ਲੈਣ ਦੇ ਦੋਸ਼ ਲੱਗੇ ਸਨ। ਕਾਂਸਟੇਬਲ ਨੂੰ ਅਕਤੂਬਰ 1984 ਵਿੱਚ ਬਿਨਾਂ ਜਾਂਚ ਦੇ ਨੌਕਰੀ ਤੋਂ ਹਟਾ ਦਿੱਤਾ ਗਿਆ ਸੀ। ਤਕਰੀਬਨ 40 ਸਾਲਾਂ ਬਾਅਦ ਪੰਜਾਬ ਪੁਲਿਸ ਦੇ ਫੈਸਲੇ ਨੂੰ ਬਰਕਰਾਰ ਰੱਖਦੇ ਹੋਏ ਹਾਈ ਕੋਰਟ ਨੇ ਕਿਹਾ ਕਿ ਕਾਂਸਟੇਬਲ ਜਸਵਿੰਦਰ ਸਿੰਘ ਨੂੰ ਬਰਖਾਸਤ ਕਰਨ ਦਾ ਆਧਾਰ ਉਸ ਦੇ ਦਹਿਸ਼ਤਗਰਦਾਂ ਨਾਲ ਸਬੰਧ ਸਨ। ਜਸਟਿਸ ਨਮਿਤ ਕੁਮਾਰ ਨੇ ਪੰਜਾਬ ਸਰਕਾਰ ਵੱਲੋਂ ਦਾਇਰ ਅਪੀਲ ਨੂੰ ਪ੍ਰਵਾਨ ਕਰਦਿਆਂ ਕਿਹਾ ਕਿ ਇਸ ਮਾਮਲੇ ਵਿੱਚ ਅਜਿਹੀ ਜਾਂਚ ਕਰਵਾਉਣਾ ਵਾਜਬ ਨਹੀਂ ਹੈ। ਇਸ ਮਾਮਲੇ ’ਚ ਪੁਲਿਸ ਅਧਿਕਾਰੀ ਦੀ ਬਰਖਾਸਤਗੀ ਰੱਦ ਕਰਨ ਦੇ ਹੁਕਮਾਂ ਨੂੰ ਚੁਣੌਤੀ ਦਿੱਤੀ ਗਈ ਸੀ। ਜਸਵਿੰਦਰ 1977 ਵਿੱਚ ਸੇਵਾ ਵਿੱਚ ਸ਼ਾਮਲ ਹੋਇਆ ਅਤੇ 1984 ਤੱਕ ਸੇਵਾ ਕੀਤੀ, ਜਦੋਂ ਉਸ ਵਿਰੁੱਧ ਅਸਲਾ ਐਕਟ ਤਹਿਤ ਐਫਆਈਆਰ ਦਰਜ ਹੋਣ ਕਾਰਨ ਉਸ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ। 15 ਅਕਤੂਬਰ 1984 ਨੂੰ ਸੰਵਿਧਾਨ ਦੀ ਧਾਰਾ 311 (2) ਦਾ ਹਵਾਲਾ ਦਿੰਦੇ ਹੋਏ ਬਿਨਾਂ ਜਾਂਚ ਦੇ ਉਨ੍ਹਾਂ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਸੀ।