ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਚ ਮਾਨਸਾ ਅਦਾਲਤ ਨੇ ਸਾਰੇ 27 ਮੁਲਜ਼ਮਾਂ ਵਿਰੁਧ ਦੋਸ਼ ਤੈਅ ਕਰ ਦਿਤੇ ਹਨ। ਇਸ ਮਗਰੋਂ ਹੁਣ ਅਦਾਲਤ ਵਿਚ ਕੇਸ ਦਾ ਟਰਾਇਲ ਸ਼ੁਰੂ ਹੋਵੇਗਾ। ਜਾਣਕਾਰੀ ਅਨੁਸਾਰ ਕੋਰਟ ਨੇ ਲਾਰੈਂਸ ਬਿਸ਼ਨੋਈ, ਜੱਗੂ ਭਗਵਾਨਪੂਰੀਆ, ਚਰਨਜੀਤ ਚੇਤਨ ਅਤੇ ਜਗਤਾਰ ਸਿੰਘ ਦੀ ਉਸ ਅਰਜ਼ੀ ਨੂੰ ਰੱਦ ਕਰ ਦਿਤਾ ਹੈ, ਜਿਸ ਵਿਚ ਉਨ੍ਹਾਂ ਨੇ ਅਪਣੇ ਆਪ ਨੂੰ ਬੇਕਸੂਰ ਦਸਿਆ ਸੀ।ਹੁਣ ਅਗਲੀ ਸੁਣਵਾਈ 20 ਮਈ ਨੂੰ ਰੱਖੀ ਗਈ ਹੈ। ਸਿੱਧੂ ਮੂਸੇਵਾਲਾ ਦੇ ਵਕੀਲ ਸਤਿੰਦਰ ਮਿੱਤਲ ਨੇ ਦਸਿਆ ਕਿ ਸੁਣਵਾਈ ਦੌਰਾਨ 5-6 ਘੰਟੇ ਤਕ ਦਲੀਲਾਂ ਰੱਖੀਆਂ ਗਈਆਂ। ਅਦਾਲਤ ਦੇ ਇਸ ਫੈਸਲੇ ਤੋਂ ਬਾਅਦ ਸਿੱਧੂ ਮੂਸੇ ਵਾਲਾ ਦੇ ਪਿਤਾ ਨੇ ਕਿਹਾ ਕਿ 24 ਮਹੀਨਿਆਂ ਬਾਅਦ ਮੇਰੇ ਪੁੱਤ ਦਾ ਕੇਸ ਸਹੀ ਦਿਸ਼ਾ ਵੱਲ ਚੱਲਿਆ ਹੈ। ਉਨ੍ਹਾਂ ਕਿਹਾ ਕਿ ਦੋਸ਼ੀਆਂ ਨੇ ਕੇਸ ਨੂੰ ਲੰਬਾ ਖਿੱਚਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਅੱਜ ਸਾਰਿਆਂ ਦੀਆਂ ਅਰਜ਼ੀਆਂ ਖਾਰਜ ਕਰ ਦਿਤੀਆਂ ਗਈਆਂ।
