ਕੇਂਦਰ ਤੇ ਕਿਸਾਨਾਂ ਵਿਚਾਲੇ ਮੀਟਿੰਗ ਮੁੜ ਬੇਸਿੱਟਾ

ਭਾਰਤ ਸਰਕਾਰ ਦੇ ਤਿੰਨ ਵਜ਼ੀਰਾਂ ਦੀ ਟੀਮ ਅਤੇ ਕਿਸਾਨ ਫੋਰਮਾਂ ਵਿਚਾਲੇ ਤੀਜੇ ਗੇੜ ਦੀ ਬੈਠਕ ਵੀ ਬੇਸਿੱਟਾ ਰਹੀ ਜਿਸ ਵਿਚ ਫਸਲਾਂ ਦੇ ਘੱਟੋ ਘੱਟ ਸਮਰਥਨ ਮੁੱਲ ਨੂੰ ਲੈ ਕੇ ਪੇਚ ਫਸਿਆ ਰਿਹਾ। ਹੁਣ ਦੋਵਾਂ ਧਿਰਾਂ ਵਿਚ ਚੌਥੇ ਗੇੜ ਦੀ ਮੀਟਿੰਗ ਐਤਵਾਰ ਹੋਵੇਗੀ। ਇਸੇ ਦੌਰਾਨ ਸ਼ੰਭੂ ਅਤੇ ਖਨੌਰੀ ਬਾਰਡਰ ’ਤੇ ਕਿਸਾਨਾਂ ਦਾ ਪ੍ਰਦਰਸ਼ਨ ਵੀ ਬਰਕਰਾਰ ਰਹੇਗਾ। ਅੱਜ ਦੀ ਮੀਟਿੰਗ ਤੋਂ ਸੰਕੇਤ ਮਿਲੇ ਕਿ ਕੇਂਦਰ ਸਰਕਾਰ ਚੋਣ ਜ਼ਾਬਤਾ ਲੱਗਣ ਤੱਕ ਗੱਲਬਾਤ ਨੂੰ ਖਿੱਚਣਾ ਚਾਹੁੰਦੀ ਹੈ ਜਦੋਂ ਕਿ ਕਿਸਾਨ ਆਗੂ ਇਸ ਤਾਕ ਵਿਚ ਹਨ ਕਿ ਚੋਣ ਜ਼ਾਬਤਾ ਲੱਗਣ ਤੋਂ ਪਹਿਲਾਂ ਹੀ ਦਬਾਅ ਬਣਾ ਕੇ ਕਿਸਾਨਾਂ ਲਈ ਕੁਝ ਹਾਸਲ ਕੀਤਾ ਜਾ ਸਕੇ। ਕੇਂਦਰੀ ਮੰਤਰੀ ਪਿਊਸ਼ ਗੋਇਲ, ਖੇਤੀਬਾੜੀ ਮੰਤਰੀ ਅਰਜੁਨ ਮੁੰਡਾ ਅਤੇ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ’ਤੇ ਅਧਾਰਿਤ ਟੀਮ ਦੇ ਹੱਥ ਤੀਜੇ ਗੇੜ ਦੀ ਮੀਟਿੰਗ ਮਗਰੋਂ ਵੀ ਕੁਝ ਨਹੀਂ ਲੱਗਿਆ । ਮੀਟਿੰਗ ਦੌਰਾਨ ਕਿਸਾਨ ਆਗੂਆਂ ਨੇ ਸ਼ੰਭੂ ਤੇ ਖਨੌਰੀ ਬਾਰਡਰ ’ਤੇ ਕਿਸਾਨਾਂ ’ਤੇ ਸੁੱਟੇ ਅਥਰੂ ਗੈਸ ਦੇ ਗੋਲਿਆਂ ਨੂੰ ਲੈ ਕੇ ਨਰਾਜ਼ਗੀ ਜਤਾਈ ਅਤੇ ਸੋਸ਼ਲ ਮੀਡੀਆ ਦੇ ਖਾਤੇ ਬੰਦ ਕੀਤੇ ਜਾਣ ’ਤੇ ਇਤਰਾਜ਼ ਕੀਤਾ। ਆਗੂਆਂ ਨੇ ਮੀਟਿੰਗ ਵਿਚ ਕੇਂਦਰੀ ਵਜ਼ੀਰਾਂ ਨੂੰ ਕਿਸਾਨਾਂ ’ਤੇ ਹੋਏ ਜਬਰ ਦੀਆਂ ਕੁਝ ਤਸਵੀਰਾਂ ਵੀ ਦਿਖਾਈਆਂ। ਬਾਕੀ ਮੰਗਾਂ ’ਤੇ ਚਰਚਾ ਹੋਣ ਮਗਰੋਂ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ’ਤੇ ਕਾਨੂੰਨੀ ਗਾਰੰਟੀ ’ਤੇ ਸਮੁੱਚੀ ਮੀਟਿੰਗ ਫੋਕਸ ਹੋ ਗਈ। ਕੇਂਦਰੀ ਵਜ਼ੀਰਾਂ ਨੇ ਫਸਲੀ ਭਾਅ ਦੀ ਕਾਨੂੰਨੀ ਗਾਰੰਟੀ ਦੇ ਮੁੱਦੇ ’ਤੇ ਪੇਸ਼ਕਸ਼ ਕੀਤੀ ਕਿ ਭਾਰਤ ਸਰਕਾਰ ਇਸ ਮਾਮਲੇ ’ਤੇ ਸਾਰੇ ਸੂਬਿਆਂ, ਖਪਤਕਾਰ ਫੋਰਮਾਂ ਅਤੇ ਬਾਕੀ ਹਿੱਸੇਦਾਰਾਂ ਨਾਲ ਸਲਾਹ ਕਰੇਗੀ ਅਤੇ ਉਸ ਮਗਰੋਂ ਸਾਰਥਿਕ ਰੂਪ ਵਿਚ ਮਾਮਲਾ ਨਜਿੱਠਣ ਲਈ ਫੈਸਲਾ ਲਿਆ ਜਾਵੇਗਾ।

Spread the love