ਟਰੂਡੋ ਸਰਕਾਰ ਖਿਲਾਫ ਬੇਭਰੋਸਗੀ ਮਤਾ ਸਫਲ ਨਹੀਂ ਹੋਇਆ

ਕੈਨੇਡਾ ਦੀ ਸੰਸਦ ਵਿਚ ਵਿਰੋਧੀ ਧਿਰ ਕਨਜ਼ਰਵੇਟਿਵ ਪਾਰਟੀ ਵੱਲੋਂ ਜਸਟਿਨ ਟਰੂਡੋ ਸਰਕਾਰ ਖਿਲਾਫ ਪੇਸ਼ ਕੀਤਾ ਬੇਭਰੋਸਗੀ ਮਤਾ 211-120 ਵੋਟਾਂ ਦੇ ਫਰਕ ਨਾਲ ਡਿੱਗ ਗਿਆ। ਮਤੇ ਦੇ ਹੱਕ ਵਿਚ 120 ਵੋਟਾਂ ਪਈਆਂ ਜਦੋਂ ਕਿ ਇਸਦੇ ਵਿਰੋਧ ਵਿਚ 211 ਵੋਟਾਂ ਪਈਆਂ। ਐਨ. ਡੀ.ਪੀ ਅਤੇ ਬਲਾਕ ਕਿਊਬੈੱਕ ਪਾਰਟੀਆਂ ਵੱਲੋਂ ਬੇਭਰੋਸਗੀ ਮਤੇ ਦਾ ਵਿਰੋਧ ਕਰਕੇ ਅਸਿੱਧੇ ਰੂਪ ‘ਚ ਲਿਬਰਲ ਸਰਕਾਰ ਨੂੰ ਚਲਦਾ ਰੱਖਣ ਦੀ ਹਰੀ ਝੰਡੀ ਦੀ ਦਿੱਤੀ ਹੈ ਪਰ ਬਲਾਕ ਕਿਊਬੈੱਕ ਵੱਲੋਂ ਟਰੂਡੋ ਸਰਕਾਰ ਅੱਗੇ ਆਪਣੇ ਦੋ ਬਿੱਲਾਂ ਨੂੰ ਪਾਸ ਕਰਨ ਦੀ ਸ਼ਰਤ ਵੀ ਰੱਖ ਦਿੱਤੀ ਹੈ ਅਤੇ ਇਸ ਕੰਮ ਨੂੰ ਪੂਰਾ ਕਰਨ ਲਈ ਟਰੂਡੋ ਸਰਕਾਰ ਨੂੰ 29 ਅਕਤੂਬਰ ਤੱਕ ਦਾ ਸਮਾਂ ਦਿੱਤਾ ਹੈ । ਸਤਾਧਾਰੀ ਲਿਬਰਲ ਦੀ ਸਿਆਸੀ ਸਹਿਯੋਗੀ ਪਾਰਟੀ ਐਨ.ਡੀ.ਪੀ. ਦੇ ਆਗੂ ਜਗਮੀਤ ਸਿੰਘ ਵੱਲੋਂ ਟਰੂਡੋ ਸਰਕਾਰ ਨੂੰ ਪੂਰਾ ਅਰਸਾ ਚਲਦਾ ਰੱਖਣ ਲਈ ਸ਼ਰਤਾਂ ਸਹਿਤ ਸਮਰਥਨ ਦੇਣ ਦਾ ਜੋ ਸਮਝੌਤਾ ਕੀਤਾ ਗਿਆ ਸੀ, ਨੂੰ ਬੀਤੇ ਦਿਨੀਂ ਤੋੜ ਦਿੱਤਾ ਸੀ ਅਤੇ ਕਿਹਾ ਸੀ ਕਿ ਹੁਣ ਐਨ.ਡੀ.ਪੀ..ਲਿਬਰਲ ਸਰਕਾਰ ਨੂੰ ਭਵਿੱਖ ‘ਚ ਅਜਿਹੇ ਕਿਸੇ ਵੀ ਮਾਮਲੇ ‘ਤੇ ਸਮਰਥਨ ਨਹੀਂ ਦੇਵੇਗੀ ਜੋ ਉਹਨਾਂ ਦੀ ਪਾਰਟੀ ਦੀ ਨੀਤੀ ਦੇ ਅਨੁਕੂਲ ਨਾ ਹੋਵੇ ।
ਅੱਜ ਬੈਭਰੋਸਗੀ ਦਾ ਮਤਾ ਕਜ਼ੰਰਵੇਟਿਵ ਆਗੂ ਪੀਅਰ ਪੋਲੀਏਵਰ ਵੱਲੋਂ ਟਰੂਡੋ ਸਰਕਾਰ ਵੱਲੋਂ ਲਗਾਏ ਕਾਰਬਨ ਟੈਕਸ ਨੂੰ ਲੈ ਲਿਆਂਦਾ ਗਿਆ ਸੀ ਅਤੇ ਸਮੇਂ ਤੋਂ ਪਹਿਲਾਂ ਟਰੂਡੋ ਸਰਕਾਰ ਨੂੰ ਚਲਦਾ ਕਰਨ ਅਤੇ ਫੈਡਰਲ ਚੋਣਾਂ ਕਰਵਾਉਣ ਲਈ ਕੈਨੇਡਾ ਦੀਆਂ ਦੂਜੀਆਂ ਸਿਆਸੀ ਪਾਰਟੀਆਂ ਦਾ ਇਸ ਮਤੇ ਦੇ ਹੱਕ ‘ਚ ਸਮਰਥਨ ਵੀ ਮੰਗਿਆ ਸੀ ਪਰ ਐਨ.ਡੀ.ਪੀ ਅਤੇ ਬਲਾਕ ਕਿਊਬੈੱਕ ਪਾਰਟੀ ਵੱਲੋਂ ਪੀਅਰ ਪੋਲੀਏਵਰ ਦੇ ਉਕਤ ਮਤੇ ਨੂੰ ਸਮਰਥਨ ਨਾ ਦੇਣ ਦਾ ਪਹਿਲਾਂ ਹੀ ਐਲਾਨ ਕਰ ਦਿੱਤਾ ਸੀ ਅਤੇ ਕਿਹਾ ਸੀ ਕਿ ਉਹ ਸਮੇਂ ਤੋਂ ਪਹਿਲਾਂ ਟਰੂਡੋ ਸਰਕਾਰ ਨੂੰ ਡੇਗ ਕਿ ਚੋਣਾਂ ਕਰਵਾਉਣ ਦੀ ਬਜਾਏ ਆਪੋ-ਆਪੋ ਪਾਰਟੀ ਦੀਆਂ ਨੀਤੀਆਂ ਦੇ ਫੈਸਲੇ ਲਾਗੂ ਕਰਵਾਉਣ ਲਈ ਸਰਕਾਰ ‘ਤੇ ਦਬਾਅ ਬਣਾਉਣਗੇ ।

Spread the love