ਉਨਟਾਰੀਓ ਵਿੱਚ ਕਾਲੀ ਖੰਘ ਦੇ ਮਰੀਜ਼ਾਂ ਦੀ ਗਿਣਤੀ ਬਹੁਤ ਤੇਜ਼ੀ ਨਾਲ ਵਧ ਰਹੀ ਹੈ, ਜਿਸ ਕਰਕੇ ਸਿਹਤ ਵਿਭਾਗ ਅਧਿਕਾਰੀ ਚਿੰਤਿਤ ਹਨ। ਮਾਹਿਰਾਂ ਅਨੁਸਾਰ ਇਹ ਵਾਧਾ ਪਿਛਲੇ ਡੇਢ ਦਹਾਕੇ ਵਿੱਚ ਸਭ ਤੋਂ ਵੱਧ ਹੋ ਸਕਦਾ ਹੈ। ਡਾ. ਇਸਾਕ ਬੋਗੋਚ, ਜੋ ਕਿ ਇਨਫੈਕਸ਼ਨ ਨਾਲ ਫੈਲਣ ਵਾਲੀਆਂ ਬਿਮਾਰੀਆਂ ਦੇ ਮਾਹਿਰ ਹਨ, ਨੇ ਕਿਹਾ ਕਿ ਇਹ ਸਮੱਸਿਆ ਸਿਰਫ ਉਨਟਾਰੀਓ ਤੱਕ ਹੀ ਸੀਮਿਤ ਨਹੀਂ ਹੈ, ਬਲਕਿ ਕੈਨੇਡਾ ਦੇ ਹੋਰ ਸੂਬਿਆਂ ਅਤੇ ਵਿਦੇਸ਼ਾਂ ਵਿੱਚ ਵੀ ਇਹ ਰੁਝਾਨ ਵਧਦਾ ਜਾ ਰਿਹਾ ਹੈ।9 ਸਤੰਬਰ ਤੱਕ ਉਨਟਾਰੀਓ ਵਿੱਚ 1,016 ਮਰੀਜ਼ ਸਾਹਮਣੇ ਆਏ ਹਨ। ਇਹ ਗਿਣਤੀ ਵਧਣ ਦੀ ਰਫ਼ਤਾਰ ਜਾਰੀ ਰਹੀ ਤਾਂ 2012 ਦਾ 1,044 ਮਰੀਜ਼ਾਂ ਦਾ ਰਿਕਾਰਡ ਟੁੱਟਣ ਦੀ ਸੰਭਾਵਨਾ ਹੈ। ਡਾ. ਬੋਗੋਚ ਨੇ ਇਹ ਵੀ ਕਿਹਾ ਕਿ ਇਸ ਵਾਧੇ ਦਾ ਕੋਈ ਇਕ ਠੋਸ ਕਾਰਨ ਨਹੀਂ ਹੈ, ਪਰ ਕਈ ਵਾਰ ਕੁਝ ਬਿਮਾਰੀਆਂ ਕੁਦਰਤੀ ਤੌਰ ‘ਤੇ ਵੱਧ ਸਮੇਂ ਬਾਅਦ ਵਾਪਸ ਤੇਜ਼ੀ ਨਾਲ ਫੈਲਣ ਲਗਦੀਆਂ ਹਨ।
ਟੋਰਾਂਟੋ ਵਿੱਚ 16 ਸਤੰਬਰ ਤੱਕ 113 ਮਰੀਜ਼ ਸਾਹਮਣੇ ਆਏ ਹਨ। ਵੈਕਸੀਨੇਸ਼ਨ ਦੀ ਘਾਟ ਇਸ ਵਾਧੇ ਦਾ ਇੱਕ ਮੁੱਖ ਕਾਰਨ ਹੋ ਸਕਦਾ ਹੈ। ਸਾਹ ਨਾਲ ਸਬੰਧਤ ਬਿਮਾਰੀਆਂ ਦੇ ਲਛਣ ਕਈ ਵਾਰ ਆਮ ਖੰਘ ਦੇ ਰੂਪ ਵਿੱਚ ਹੀ ਨਜ਼ਰ ਆਉਂਦੇ ਹਨ, ਪਰ ਇਹ ਬਿਮਾਰੀ ਕਈ ਵਾਰ ਖਤਰਨਾਕ ਰੂਪ ਧਾਰ ਲੈਂਦੀ ਹੈ।