ਉੱਤਰ ਪ੍ਰਦੇਸ਼ ਸਰਕਾਰ ਨੇ ਹਾਥਰਸ ਭਾਜੜ ਮਾਮਲੇ ਦੀ ਜਾਂਚ ਲਈ ਗਠਿਤ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ.) ਦੀ ਰੀਪੋਰਟ ਦੇ ਆਧਾਰ ’ਤੇ ਮੰਗਲਵਾਰ ਨੂੰ ਸਥਾਨਕ ਡਿਪਟੀ ਕੁਲੈਕਟਰ (ਐਸ.ਡੀ.ਐਮ.), ਪੁਲਿਸ ਸਰਕਲ ਅਫਸਰ (ਸੀ.ਓ.) ਅਤੇ ਚਾਰ ਹੋਰਾਂ ਨੂੰ ਮੁਅੱਤਲ ਕਰ ਦਿਤਾ। ਰਿਪੋਰਟ ਵਿਚ ਇਸ ਘਟਨਾ ਪਿੱਛੇ ਕਿਸੇ ਵੱਡੀ ਸਾਜ਼ਸ਼ ਤੋਂ ਇਨਕਾਰ ਨਹੀਂ ਕੀਤਾ ਗਿਆ।ਰਿਪੋਰਟ ’ਚ ਸਥਾਨਕ ਪ੍ਰਸ਼ਾਸਨ ਦੀ ਲਾਪਰਵਾਹੀ ਵਲ ਵੀ ਇਸ਼ਾਰਾ ਕੀਤਾ ਗਿਆ ਹੈ, ਜਿਸ ਕਾਰਨ ਇਹ ਘਟਨਾ 2 ਜੁਲਾਈ ਨੂੰ ਵਾਪਰੀ। ਰਿਪੋਰਟ ਵਿਚ ਭਾਜੜ ਲਈ ਪ੍ਰਬੰਧਕਾਂ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਹੈ ਅਤੇ ਦਾਅਵਾ ਕੀਤਾ ਗਿਆ ਹੈ ਕਿ ਉਨ੍ਹਾਂ ਨੇ ਭੀੜ ਨੂੰ ਸੰਗਠਤ ਕਰਨ ਲਈ ਕੋਈ ਪ੍ਰਬੰਧ ਨਹੀਂ ਕੀਤੇ ਸਨ। ਅਧਿਕਾਰਤ ਸੂਤਰਾਂ ਮੁਤਾਬਕ ਰਿਪੋਰਟ ’ਚ ਜ਼ਿਲ੍ਹਾ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਵੀ ਤੈਅ ਕੀਤੀ ਗਈ ਹੈ। ਕਿਹਾ ਗਿਆ ਹੈ ਕਿ ਸਥਾਨਕ ਪੁਲਿਸ ਅਤੇ ਪ੍ਰਸ਼ਾਸਨ ਨੇ ਇਸ ਘਟਨਾ ਨੂੰ ਗੰਭੀਰਤਾ ਨਾਲ ਨਹੀਂ ਲਿਆ ਅਤੇ ਉਹ ਸੀਨੀਅਰ ਅਧਿਕਾਰੀਆਂ ਨੂੰ ਸਹੀ ਜਾਣਕਾਰੀ ਦੇਣ ’ਚ ਅਸਫਲ ਰਹੇ। ਹਾਥਰਸ ਜ਼ਿਲ੍ਹੇ ਦੇ ਫੁਲਰਾਈ ਪਿੰਡ ’ਚ ਸੂਰਜਪਾਲ ਉਰਫ ਨਾਰਾਇਣ ਸਕਰ ਹਰੀ ਉਰਫ ਭੋਲੇ ਬਾਬਾ ਦੇ ਸਤਿਸੰਗ ’ਚ ਭਾਜੜ ਮਚਣ ਨਾਲ ਘੱਟੋ-ਘੱਟ 121 ਲੋਕਾਂ ਦੀ ਮੌਤ ਹੋ ਗਈ।