ਸਾਊਦੀ ਅਰਬ ਨੇ ਇਸ ਸਾਲ 100 ਤੋਂ ਵੱਧ ਵਿਦੇਸ਼ੀ ਨਾਗਰਿਕਾਂ ਨੂੰ ਮੌਤ ਦੀ ਸਜ਼ਾ ਦਿੱਤੀ ਹੈ। ਸਮਾਚਾਰ ਏਜੰਸੀ ਏਐੱਫਪੀ ਦੀ ਰਿਪੋਰਟ ਵਿੱਚ ਇਹ ਦਾਅਵਾ ਕੀਤਾ ਗਿਆ ਹੈ।ਹਾਲ ਹੀ ਵਿੱਚ ਨਸ਼ੀਲੀ ਦਵਾਈਆਂ ਦੀ ਤਸਕਰੀ ਦੇ ਦੋਸ਼ੀ ਠਹਿਰਾਏ ਗਏ ਯਮਨ ਦੇ ਇੱਕ ਨਾਗਰਿਕ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ।ਇਸ ਤੋਂ ਪਹਿਲਾਂ ਸਤੰਬਰ ਵਿੱਚ ਐਮਨੈਸਟੀ ਇੰਟਰਨੈਸ਼ਨਲ ਨੇ ਵੀ ਸਾਊਦੀ ਅਰਬ ਵਿੱਚ ਮੌਤ ਦੀ ਸਜ਼ਾ ਦਿੱਤੇ ਜਾਣ ਵਿੱਚ ਹੋਏ ਵਾਧੇ ʼਤੇ ਚਿੰਤਾ ਜ਼ਾਹਿਰ ਕੀਤੀ ਸੀ।ਏਐੱਫਪੀ ਦੀ ਰਿਪੋਰਟ ਮੁਤਾਬਕ, ਇਸ ਸਾਲ ਸਾਊਦੀ ਅਰਬ ਨੇ ਹੁਣ ਤੱਕ ਕੁੱਲ 101 ਵਿਦੇਸ਼ੀ ਨਾਗਰਿਕਾਂ ਨੂੰ ਮੌਤ ਦੀ ਸਜ਼ਾ ਦਿੱਤੀ ਹੈ।ਏਐੱਫਪੀ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਹ 2023 ਅਤੇ 2022 ਦੇ ਅੰਕੜਿਆਂ ਦਾ ਤਿੰਨ ਗੁਣਾ ਹੈ। 2022 ਵਿੱਚ 34 ਅਤੇ 2023 ਵਿੱਚ ਵੀ 34 ਲੋਕਾਂ ਨੂੰ ਹੀ ਮੌਤ ਦੀ ਸਜ਼ਾ ਦਿੱਤੀ ਗਈ ਸੀ।
ਕੌਮਾਂਤਰੀ ਮਨੁੱਖੀ ਅਧਿਕਾਰੀ ਸੰਸਥਾ ਐਮਨੈਸਟੀ ਇੰਟਰਨੈਸ਼ਨਲ ਮੁਤਾਬਕ, ਸਾਲ 2023 ਵਿੱਚ ਸਾਊਦੀ ਅਰਬ ਨੇ ਚੀਨ ਅਤੇ ਈਰਾਨ ਤੋਂ ਬਾਅਦ ਸਭ ਤੋਂ ਵੱਧ ਗਿਣਤੀ ਵਿੱਚ ਮੌਤ ਦੀ ਸਜ਼ਾ ਦਿੱਤੀ ਹੈ।ਇਸ ਸਾਲ ਸਤੰਬਰ ਤੱਕ ਸਾਊਦੀ ਅਰਬ ਨੇ ਤਿੰਨ ਦਹਾਕਿਆਂ ਤੋਂ ਵੱਧ ਸਮੇਂ ਵਿੱਚ ਸਭ ਤੋਂ ਵੱਧ ਗਿਣਤੀ ਵਿੱਚ ਮੌਤ ਦੀ ਸਜ਼ਾ ਦਿੱਤੀ ਹੈ।ਇਹ ਅੰਕੜਾ 2022 ਵਿੱਚ 196 ਅਤੇ 1995 ਵਿੱਚ 192 ਲੋਕਾਂ ਨੂੰ ਦਿੱਤੀ ਗਈ ਮੌਤ ਦੀ ਸਜ਼ਾ ਤੋਂ ਕਿਤੇ ਵੱਧ ਹੈ।