ਅਮਰੀਕਾ ਵੱਲੋਂ ਗ਼ੈਰ-ਕਾਨੂੰਨੀ ਢੰਗ ਨਾਲ ਰਹਿ ਰਹੇ ਪਰਵਾਸੀਆਂ ਨੂੰ ਮੁਲਕ ’ਚੋਂ ਬਾਹਰ ਕੱਢਣ ਦੀ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਭਾਰਤੀਆਂ ਨੂੰ ਲੈ ਕੇ ਇੱਕ ਹੋਰ ਜਹਾਜ਼ ਭਲਕੇ ਸ਼ਨਿਚਰਵਾਰ ਰਾਤ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਪਹੁੰਚਣ ਦੀ ਉਮੀਦ ਹੈ।ਜਾਣਕਾਰੀ ਮੁਤਾਬਕ 119 ਭਾਰਤੀਆਂ ਨੂੰ ਡਿਪੋਰਟ ਕੀਤਾ ਜਾ ਰਿਹਾ ਹੈ ਜਿਸ ਵਿੱਚ ਸਭ ਤੋਂ ਵੱਧ 67 ਪੰਜਾਬੀ ਸ਼ਾਮਲ ਹਨ। ਇਸ ਤੋਂ ਇਲਾਵਾ ਹਰਿਆਣਾ ਦੇ 33 ਅਤੇ ਬਾਕੀ ਮਹਾਰਾਸ਼ਟਰ, ਗੁਜਰਾਤ, ਗੋਆ, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਦੇ ਨਾਗਰਿਕ ਵਾਪਸ ਪਰਤ ਰਹੇ ਹਨ।ਇਸੇ ਤਰ੍ਹਾਂ ਅਮਰੀਕਾ ਤੋਂ ਪਰਵਾਸੀ ਭਾਰਤੀਆਂ ਨੂੰ ਲੈ ਕੇ ਇਕ ਹੋਰ ਵਿਸ਼ੇਸ਼ ਉਡਾਣ 16 ਫਰਵਰੀ ਨੂੰ ਅੰਮ੍ਰਿਤਸਰ ਦੇ ਹਵਾਈ ਅੱਡੇ ’ਤੇ ਪੁੱਜੇਗੀ। ਇਸ ਤੋਂ ਪਹਿਲਾਂ 5 ਫਰਵਰੀ ਨੂੰ ਪਹਿਲੇ ਬੈਚ ਵਿਚ ਅਮਰੀਕੀ ਫੌਜੀ ਮਾਲਵਾਹਕ ਜਹਾਜ਼ ਵਿਚ 104 ਭਾਰਤੀਆਂ ਨੂੰ ਡਿਪੋਰਟ ਕੀਤਾ ਗਿਆ ਸੀ। ਇਨ੍ਹਾਂ ਵਿਚੋਂ 30 ਪੰਜਾਬ ਜਦੋਂਕਿ ਹਰਿਆਣਾ ਅਤੇ ਗੁਜਰਾਤ ਨਾਲ ਸਬੰਧਤ 33-33 ਵਿਅਕਤੀ ਸ਼ਾਮਲ ਸਨ।
