ਸੁਨੀਤਾ ਵਿਲੀਅਮਜ਼ ਨੂੰ ਧਰਤੀ ’ਤੇ ਲਿਆਉਣ ਲਈ ਸਪੇਸਐੱਕਸ ਕੈਪਸੂਲ ਪੁਲਾੜ ਸਟੇਸ਼ਨ ’ਤੇ ਪੁੱਜਾ

ਕੌਮਾਂਤਰੀ ਪੁਲਾੜ ਸਟੇਸ਼ਨ ’ਚ ਭਾਰਤੀ ਮੂਲ ਦੀ ਸੁਨੀਤਾ ਵਿਲੀਅਮਜ਼ ਸਮੇਤ ਜੂਨ ਤੋਂ ਫਸੇ ਦੋ ਅਮਰੀਕੀ ਪੁਲਾੜ ਯਾਤਰੀਆਂ ਨੂੰ ਧਰਤੀ ’ਤੇ ਲਿਆਉਣ ਲਈ ਸਪੇਸਐੱਕਸ ਦਾ ਨਵਾਂ ਕੈਪਸੂਲ ਐਤਵਾਰ ਨੂੰ ਸਟੇਸ਼ਨ ’ਤੇ ਪੁੱਜ ਗਿਆ ਹੈ। ਸਪੇਸਐੱਕਸ ਨੇ ਬਚਾਅ ਮੁਹਿੰਮ ਲਈ ਸ਼ਨਿਚਰਵਾਰ ਨੂੰ ਉਡਾਣ ਭਰੀ ਸੀ। ਚਾਰ ਸੀਟਾਂ ਵਾਲੇ ਕੈਪਸੂਲ ’ਚ ਦੋ ਸੀਟਾਂ ਪੁਲਾੜ ’ਚ ਫਸੇ ਬੁਚ ਵਿਲਮੋਰ ਅਤੇ ਸੁਨੀਤਾ ਵਿਲੀਅਮਜ਼ ਲਈ ਖਾਲੀ ਰੱਖੀਆਂ ਗਈਆਂ ਹਨ। ਕੈਪਸੂਲ ਦੇ ਅਗਲੇ ਸਾਲ ਧਰਤੀ ’ਤੇ ਪਰਤਣ ਦੀ ਸੰਭਾਵਨਾ ਹੈ। ਨੈਸ਼ਨਲ ਐਰੋਨੌਟਿਕਸ ਐਂਡ ਸਪੇਸ ਐਡਮਿਨੀਸਟਰੇਸ਼ਨ (ਨਾਸਾ) ਨੇ ਬੋਇੰਗ ਸਟਾਰਲਾਈਨਰ ਕੈਪਸੂਲ ’ਚ ਸੁਰੱਖਿਆ ਸਬੰਧੀ ਚਿੰਤਾਵਾਂ ਮਗਰੋਂ ਵਿਲਮੋਰ ਅਤੇ ਵਿਲੀਅਮਜ਼ ਨੂੰ ਸਪੇਸਐੱਕਸ ਕੈਪਸੂਲ ਰਾਹੀਂ ਧਰਤੀ ’ਤੇ ਲਿਆਉਣ ਦਾ ਫ਼ੈਸਲਾ ਕੀਤਾ ਹੈ। ਨਾਸਾ ਨੇ ਕਿਹਾ ਕਿ ਉਡਾਣ ਮਗਰੋਂ ‘ਥਰੱਸਟਰ’ ਦੀ ਨਾਕਾਮੀ ਅਤੇ ‘ਹੀਲੀਅਮ’ ਰਿਸਾਅ ਦੀ ਸਮੱਸਿਆ ਬਹੁਤ ਗੰਭੀਰ ਹੈ।

Spread the love