ਬਰਸੀ ਸਮਾਗਮ ’ਚ ਗਏ ਸ਼ਰਧਾਲੂਆਂ ਦਾ ਟਰੱਕ ਖੱਡ ਵਿੱਚ ਡਿੱਗਿਆ, 3 ਮੌਤਾਂ ਤੇ 50 ਜ਼ਖ਼ਮੀ

ਥਾਣਾ ਬਨੂੜ ਅਧੀਨ ਪਿੰਡ ਉੜਦਣ ਦੇ ਸ਼ਰਧਾਲੂਆਂ ਨਾਲ ਭਰਿਆ ਟਰੱਕ ਹੁਸ਼ਿਆਰਪੁਰ ਦੇ ਗੜਸ਼ੰਕਰ ਨੇੜੇ ਪੰਦਰਾਂ ਫੁੱਟ ਡੂੰਘੀ ਖਾਈ ਵਿੱਚ ਡਿੱਗ ਗਿਆ। ਇਸ ਹਾਦਸੇ ਵਿੱਚ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਅਤੇ 50 ਦੇ ਕਰੀਬ ਵਿਅਕਤੀ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਵਿੱਚੋਂ 20 ਦੀ ਹਾਲਤ ਗੰਭੀਰ ਹੈ, ਜਿਨ੍ਹਾਂ ਵਿੱਚੋਂ ਬਹੁਤਿਆਂ ਨੂੰ ਪੀਜੀਆਈ ਭੇਜਿਆ ਗਿਆ ਹੈ। ਬਹੁਜਨ ਸਮਾਜ ਪਾਰਟੀ ਦੇ ਪਟਿਆਲਾ ਲੋਕ ਸਭਾ ਹਲਕੇ ਤੋਂ ਉਮੀਦਵਾਰ ਰਹੇ ਜਗਜੀਤ ਸਿੰਘ ਛੜਬੜ੍ਹ ਨੇ ਦੱਸਿਆ ਕਿ ਪਿੰਡ ਉੜਦਣ ਤੋਂ 70-80 ਦੇ ਕਰੀਬ ਸ਼ਰਧਾਲੂ ਖੁਲਾਰਗੜ੍ਹ ਦੇ ਗੁਰਦੁਆਰਾ ਚਰਨ ਗੰਗਾ ਸਾਹਿਬ ਵਿਖੇ ਕੱਲ੍ਹ ਬਾਬਾ ਸਵਰਨ ਦਾਸ ਦੇ ਬਰਸੀ ਸਮਾਗਮ ਵਿੱਚ ਸ਼ਾਮਲ ਹੋਣ ਗਏ ਸਨ। ਸ਼ਰਧਾਲੂ ਟਰੱਕ ਉੱਤੇ ਸਵਾਰ ਸਨ ਤੇ ਟਰੱਕ ਵਿਚਾਲੇ ਛੱਤ ਪਾ ਕੇ ਡਬਲ ਕੀਤੀ ਹੋਈ ਸੀ। ਸ਼ਰਧਾਲੂ ਰਾਤ ਸਵਾ ਨੌਂ ਵਜੇ ਉਹ ਸਮਾਗਮ ਵਿੱਚੋਂ ਵਾਪਸ ਤੁਰੇ ਸਨ ਤੇ ਖੁਲਾਰਗੜ੍ਹ ਅਤੇ ਗੜਸ਼ੰਕਰ ਦੇ ਵਿਚਾਲੇ ਟਰੱਕ ਬੇਕਾਬੂ ਹੋ ਕੇ ਖਾਈ ਵਿੱਚ ਡਿੱਗ ਪਿਆ, ਜਿਸ ਕਾਰਨ ਚਾਰ ਸ਼ਰਧਾਲੂਆਂ ਦੀ ਮੌਕੇ ’ਤੇ ਮੌਤ ਹੋ ਗਈ। ਜ਼ਖ਼ਮੀ ਗੜ੍ਹਸ਼ੰਕਰ ਦੇ ਹਸਪਤਾਲ ਅਤੇ ਪੀਜੀਆਈ ਵਿੱਚ ਜੇਰੇ ਇਲਾਜ ਹਨ। ਲਾਸ਼ਾਂ ਦਾ ਪੋਸਟਮਾਰਟਮ ਕੀਤਾ ਜਾ ਰਿਹਾ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਮ੍ਰਿਤਕ ਸ਼ਰਧਾਲੂਆਂ ਦੇ ਪਰਿਵਾਰਾਂ ਲਈ ਦਸ-ਦਸ ਲੱਖ ਦੀ ਮੁਆਵਜ਼ਾ ਰਾਸ਼ੀ ਤੇ ਜ਼ਖ਼ਮੀਆਂ ਦੇ ਮੁਫਤ ਇਲਾਜ ਦੀ ਮੰਗ ਕੀਤੀ ਹੈ।

Spread the love