ਹਿਮਾਚਲ ਘੁੰਮਣ ਗਿਆ ਨੌਜਵਾਨ ਨਦੀ ’ਚ ਰੁੜ੍ਹਿਆ

ਕੁਰਾਲੀ ਨੇੜਲੇ ਪਿੰਡ ਤੋਂ ਹਿਮਾਚਲ ਪ੍ਰਦੇਸ਼ ਘੁੰਮਣ ਗਏ ਪੰਜ ਦੋਸਤਾਂ ’ਚੋਂ ਪਿੰਡ ਮੁੱਲਾਂਪੁਰ ਸੋਢੀਆਂ ਦਾ ਇੱਕ ਨੌਜਵਾਨ ਜਸਦੀਪ ਸਿੰਘ ਹਿਮਾਚਲ ਪ੍ਰਦੇਸ਼ ਦੇ ਮੰਡੀ ਸ਼ਹਿਰ ਨੇੜੇ ਨਦੀ ਦੇ ਤੇਜ਼ ਵਹਾਅ ’ਚ ਰੁੜ੍ਹ ਗਿਆ ਜਦਕਿ ਉਸ ਨੂੰ ਬਚਾਉਣ ਦੇ ਚੱਕਰ ਵਿੱਚ ਇੱਕ ਹੋਰ ਨੌਜਵਾਨ ਦੀ ਤਬੀਅਤ ਵਿਗੜ ਗਈ। ਇਸ ’ਤੇ ਨੌਜਵਾਨ ਨੂੰ ਹਪਸਤਾਲ ਦਾਖ਼ਲ ਕਰਵਾਇਆ ਗਿਆ ਹੈ। ਪ੍ਰਸ਼ਾਸਨ ਵੱਲੋਂ ਐੱਸਟੀਆਰਐੱਫ ਅਤੇ ਗੋਤਾਖੋਰਾਂ ਦੀ ਮਦਦ ਨਾਲ ਲਾਪਤਾ ਨੌਜਵਾਨ ਦੀ ਭਾਲ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਨੇੜਲੇ ਪਿੰਡ ਮੁੱਲਾਂਪੁਰ ਸੋਢੀਆਂ ਦੀ ਸਾਬਕਾ ਸਰਪੰਚ ਪਰਮਜੀਤ ਕੌਰ ਦਾ ਲੜਕਾ ਜਸਦੀਪ ਸਿੰਘ ਜੱਸੀ (17) ਚਾਰ ਹੋਰ ਦੋਸਤਾਂ ਨਾਲ ਅੱਜ ਤੜਕਸਾਰ ਆਪਣੀ ਗੱਡੀ ’ਤੇ ਹਿਮਾਚਲ ਪ੍ਰਦੇਸ਼ ਦੇ ਗੁਰਦੁਆਰਾ ਮਨੀਕਰਨ ਸਾਹਿਬ, ਮਨਾਲੀ ਤੇ ਹੋਰ ਥਾਵਾਂ ’ਤੇ ਘੁੰਮਣ ਲਈ ਗਿਆ ਸੀ। ਜਦੋਂ ਉਹ ਹਿਮਾਚਲ ਪ੍ਰਦੇਸ਼ ਦੇ ਮੰਡੀ ਸ਼ਹਿਰ ਨੇੜਲੇ ਪਿੰਡ ਬਿੰਦਰਾਵਨੀ ਦੇ ਇੱਕ ਢਾਬੇ ’ਤੇ ਰੁਕੇ ਤਾਂ ਜਸਦੀਪ ਢਾਬੇ ਦੇ ਪਿੱਛੋਂ ਲੰਘਦੀ ਨਦੀ ਵੱਲ ਗਿਆ ਤੇ ਪੈਰ ਤਿਲ੍ਹਕਣ ਕਾਰਨ ਪਾਣੀ ’ਚ ਰੁੜ੍ਹ ਗਿਆ। ਇਸੇ ਦੌਰਾਨ ਉਸ ਦੇ ਸਾਥੀ ਅਕਾਸ਼ ਤੇ ਇੱਕ ਹੋਰ ਸਥਾਨਕ ਨੌਜਵਾਨ ਨੇ ਨਦੀ ’ਚ ਛਾਲ ਮਾਰ ਕੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਸਫਲ ਨਾ ਹੋ ਸਕੇ। ਜਦੋਂ ਉਹ ਦੋਵੇਂ ਡੁੱਬਣ ਲੱਗੇ ਤਾਂ ਉਥੇ ਇਕੱਠੇ ਹੋਏ ਲੋਕਾਂ ਨੇ ਦੋਵਾਂ ਨੂੰ ਬਾਹਰ ਕੱਢ ਲਿਆ। ਫੇਫੜਿਆਂ ’ਚ ਪਾਣੀ ਭਰਨ ਕਾਰਨ ਅਕਾਸ਼ ਦੀ ਹਾਲਤ ਵੀ ਗੰਭੀਰ ਦੱਸੀ ਜਾ ਰਹੀ ਹੈ।

Spread the love