ਮਲੂਕਾ ਨੂੰ ਪਾਰਟੀ ’ਚੋਂ ਕੱਢਣ ਦੀ ਮੰਗ ਉੱਠੀ

ਬਠਿੰਡਾ ਹਲਕੇ ’ਚ ਮਲੂਕਾ ਪਰਿਵਾਰ ਦੇ ਦੋ ਜੀਆਂ (ਪੁੱਤਰ-ਨੂੰਹ) ਵੱਲੋਂ ਭਾਜਪਾ ’ਚ ਸ਼ਾਮਲ ਹੋਣ ਤੋਂ ਬਾਅਦ ਸਮੀਕਰਨ ਬਦਲ ਗਏ ਹਨ। ਪਾਰਟੀ ਵੱਲੋਂ ਮੌੜ ਮੰਡੀ ਹਲਕੇ ਦੀ ਜ਼ਿੰਮੇਵਾਰੀ ਪਹਿਲਾਂ ਸਿਕੰਦਰ ਸਿੰਘ ਮਲੂਕਾ ਨੂੰ ਦਿੱਤੀ ਗਈ ਸੀ ਪਰ ਹੁਣ ਇਹ ਜ਼ਿੰਮੇਵਾਰੀ ਜਨਮੇਜਾ ਸਿੰਘ ਸੇਖੋਂ ਨੂੰ ਸੌਂਪ ਦਿੱਤੀ ਗਈ ਹੈ। ਇਸ ਸਬੰਧੀ ਪਿੰਡ ਬਾਦਲ ਵਿਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਉੱਚ ਪੱਧਰੀ ਮੀਟਿੰਗ ਹੋਈ ਜਿਸ ਵਿਚ ਮਲੂਕਾ ਪਰਿਵਾਰ ਬਾਰੇ ਚਰਚਾ ਕੀਤੀ ਗਈ। ਹਾਲਾਂਕਿ ਸਿਕੰਦਰ ਸਿੰਘ ਮਲੂਕਾ ਨੂੰ ਪਾਰਟੀ ਵਿਚੋਂ ਕੱਢਣ ਬਾਰੇ ਕੋਈ ਠੋਸ ਫ਼ੈਸਲਾ ਨਹੀਂ ਲਿਆ ਗਿਆ ਜਦਕਿ ਕੁਝ ਆਗੂਆਂ ਵੱਲੋਂ ਮਲੂਕਾ ਨੂੰ ਪਾਰਟੀ ਵਿਚੋਂ ਕੱਢਣ ਦੀ ਸਿਫ਼ਾਰਸ਼ ਕੀਤੀ ਗਈ।
ਇਸੇ ਦੌਰਾਨ ਸਿਕੰਦਰ ਸਿੰਘ ਮਲੂਕਾ ਤਖ਼ਤ ਸ੍ਰੀ ਦਮਦਮਾ ਸਾਹਿਬ ਨਤਮਸਤਕ ਹੋਏ। ਉਨ੍ਹਾਂ ਪੱਤਰਕਾਰਾਂ ਦੇ ਸਵਾਲਾਂ ਦੇ ਗੋਲਮੋਲ ਜਵਾਬ ਦਿੱਤੇ। ਤਖ਼ਤ ਸਾਹਿਬ ਮੱਥਾ ਟੇਕਣ ਉਪਰੰਤ ਸਿਕੰਦਰ ਸਿੰਘ ਮਲੂਕਾ ਨੂੰ ਜਦੋਂ ਲੋਕਾਂ ਸਭਾ ਚੋਣਾਂ ਬਾਰੇ ਪੁੱਛਿਆ ਤਾਂ ਪਹਿਲਾਂ ਤਾਂ ਉਨ੍ਹਾਂ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਪਰ ਬਾਅਦ ’ਚ ਕਿਹਾ ਕਿ ਅਕਾਲੀ ਦਲ ਦੇ ਹੱਕ ਵਿੱਚ ਵਧੀਆ ਮਾਹੌਲ ਬਣਿਆ ਹੋਇਆ ਹੈ। ਆਪਣੇ ਪੁੱਤਰ ਗੁਰਪ੍ਰੀਤ ਸਿੰਘ ਮਲੂਕਾ ਅਤੇ ਨੂੰਹ ਪਰਮਪਾਲ ਕੌਰ ਦੇ ਭਾਜਪਾ ’ਚ ਸ਼ਾਮਲ ਹੋਣ ਦੇ ਸਵਾਲ ’ਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਦੋਵਾਂ ਨੂੰ ਭਾਜਪਾ ’ਚ ਜਾਣ ਤੋਂ ਰੋਕਿਆ ਸੀ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਜੇਕਰ ਭਾਜਪਾ ਪਰਮਪਾਲ ਕੌਰ ਨੂੰ ਟਿਕਟ ਦਿੰਦੀ ਹੈ ਤਾਂ ਫਿਰ ਉਹ ਕਿਸ ਨਾਲ ਖੜ੍ਹਨਗੇ। ਇਸ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਇਸ ਦਾ ਜਵਾਬ ਸਮਾਂ ਆਉਣ ’ਤੇ ਦੇਣਗੇ। ਮੌੜ ਹਲਕਾ ਇੰਚਾਰਜ ਦੇ ਅਹੁਦੇ ਤੋਂ ਹਟਾਉਣ ਬਾਰੇ ਪੁੱਛੇ ਸਵਾਲ ਦੇ ਜਵਾਬ ’ਚ ਸ੍ਰੀ ਮਲੂਕਾ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਪਾਰਟੀ ਦੇ ਪ੍ਰਧਾਨ ਹਨ ਤੇ ਉਹ ਕਿਸੇ ਨੂੰ ਵੀ ਬਦਲ ਸਕਦੇ ਹਨ। ਉਨ੍ਹਾਂ ਦੇ ਅਧਿਕਾਰਾਂ ’ਤੇ ਕੋਈ ਕਿੰਤੂ ਪ੍ਰੰਤੂ ਨਹੀਂ ਹੈ। ਭਾਜਪਾ ’ਚ ਸ਼ਾਮਲ ਹੋਣ ਦੀਆਂ ਕਿਆਸਅਰਾਈਆਂ ਬਾਰੇ ਉਨ੍ਹਾਂ ਕਿਹਾ ਕਿ ਉਹ ਹਾਲੇ ਤਾਂ ਅਕਾਲੀ ਹਨ, ਜਦ ਦੂਜੀ ਪਾਰਟੀ ਵਿਚ ਸ਼ਾਮਲ ਹੋਣਗੇ ਤਾਂ ਹੀ ਸਵਾਲ ਕਰਿਓ।

Spread the love