ਲਾਹੌਰ ’ਚ ਹਵਾ ਪ੍ਰਦੂਸ਼ਣ ਕਾਰਨ ਹਜ਼ਾਰਾਂ ਲੋਕ ਬਿਮਾਰ ਹੋਏ

ਪਾਕਿਸਤਾਨ ਦੇ ਪੰਜਾਬ ਸੂਬੇ ਦੀ ਰਾਜਧਾਨੀ ਲਾਹੌਰ ਵਿੱਚ ਹਵਾ ਪ੍ਰਦੂਸ਼ਣ ਰਿਕਾਰਡ ਪੱਧਰ ’ਤੇ ਪੁੱਜਣ ਕਾਰਨ ਹਜ਼ਾਰਾਂ ਲੋਕਾਂ ਨੂੰ ਹਸਪਤਾਲ ਭਰਤੀ ਕੀਤਾ ਗਿਆ ਹੈ। ਅਧਿਕਾਰੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਜੇ ਲੋਕਾਂ ਨੇ ਮਾਸਕ ਲਗਾਉਣ ਸਣੇ ਹੋਰ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਨਾ ਕੀਤੀ ਤਾਂ ਮੁਕੰਮਲ ਲਾਕਡਾਊਨ ਲਗਾਇਆ ਜਾ ਸਕਦਾ ਹੈ। ਇਹ ਚਿਤਾਵਨੀ ਉਦੋਂ ਦਿੱਤੀ ਗਈ ਹੈ, ਜਦੋਂ ਲੋਕ ਬਿਨਾਂ ਮਾਸਕ ਸੜਕਾਂ ’ਤੇ ਨਜ਼ਰ ਆਏ। ਡਾਕਟਰਾਂ ਨੇ ਕਿਹਾ ਕਿ ਜ਼ਿਆਦਾਤਰ ਲੋਕਾਂ ਨੂੰ ਖੰਘ ਅਤੇ ਅੱਖਾਂ ਵਿੱਚ ਜਲਣ ਦੀ ਸ਼ਿਕਾਇਤ ਹੈ। ਪਾਕਿਸਤਾਨ ਮੈਡੀਕਲ ਐਸੋਸੀਏਸ਼ਨ ਦੇ ਉਪ ਪ੍ਰਧਾਨ ਸਲਮਾਨ ਕਾਜ਼ਮੀ ਨੇ ਕਿਹਾ, ‘‘ਪਿਛਲੇ ਹਫ਼ਤੇ ਵਿੱਚ ਸਾਹ ਦੀ ਸਮੱਸਿਆ ਤੋਂ ਪੀੜਤ ਹਜ਼ਾਰਾਂ ਲੋਕਾਂ ਦਾ ਹਸਪਤਾਲਾਂ ਅਤੇ ਕਲੀਨਿਕਾਂ ਵਿੱਚ ਇਲਾਜ ਕੀਤਾ ਗਿਆ। ਤੁਸੀਂ ਲੋਕਾਂ ਨੂੰ ਖੰਘਦੇ ਦੇਖ ਸਕਦੇ ਹੋ ਪਰ ਫਿਰ ਵੀ ਉਹ ਮਾਸਕ ਨਹੀਂ ਲਗਾਉਂਦੇ।’’ ਲਾਹੌਰ ਦੁਨੀਆ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਰਿਹਾ ਅਤੇ ਇੱਥੇ ਹਵਾ ਗੁਣਵੱਤਾ ਸੂਚਕ ਅੰਕ 1100 ਦੇ ਅੰਕੜੇ ਤੋਂ ਟੱਪ ਗਿਆ ਹੈ। 300 ਤੋਂ ਵੱਧ ਹਵਾ ਗੁਣਵੱਤਾ ਸੂਚਕ ਅੰਕ ਸਿਹਤ ਲਈ ਖਤਰਨਾਕ ਮੰਨਿਆ ਜਾਂਦਾ ਹੈ। ਜ਼ਹਿਰੀਲੇ ਧੂੰਏਂ ਨੇ ਪਿਛਲੇ ਮਹੀਨੇ ਤੋਂ ਸ਼ਹਿਰ ਨੂੰ ਆਪਣੀ ਲਪੇਟ ਵਿੱਚ ਲਿਆ ਹੋਇਆ ਹੈ। ਪੰਜਾਬ ਸੂਬੇ ਦੀ ਸੀਨੀਅਰ ਮੰਤਰੀ ਮਰੀਅਮ ਔਰੰਗਜ਼ੇਬ ਨੇ ਸ਼ਹਿਰ ਵਿੱਚ ਮੁਕੰਮਲ ਲਾਕਡਾਊਨ ਤੋਂ ਬਚਣ ਲਈ ਲੋਕਾਂ ਨੂੰ ਮਾਸਕ ਲਗਾਉਣ ਦੀ ਸਲਾਹ ਦਿੱਤੀ ਹੈ। ਸ਼ਹਿਰ ਦੇ ਅਧਿਕਾਰੀਆਂ ਨੇ ਪ੍ਰਦੂਸ਼ਣ ’ਤੇ ਕਾਬੂ ਪਾਉਣ ਲਈ ਪਹਿਲਾਂ ਹੀ ਕਈ ਕਦਮਾਂ ਦਾ ਐਲਾਨ ਕੀਤਾ ਹੈ।

Spread the love